ਕਾਂਗਰਸ ਵਿਧਾਇਕ ਫਾਤਿਮਾ ਬੋਲੀ, ਵਿਧਾਨ ਸਭਾ ’ਚ ਵੀ ਪਹਿਣਦੀ ਹਾਂ ਹਿਜਾਬ : ਹਿੰਮਤ ਹੈ ਤਾਂ ਰੋਕ ਕੇ ਵਿਖਾਏ ਸਰਕਾਰ
Monday, Feb 07, 2022 - 10:46 AM (IST)
ਕਲਬੁਰਗੀ- ਕਰਨਾਟਕ ’ਚ ਜਾਰੀ ਹਿਜਾਬ ਦੇ ਵਿਵਾਦ ਦਰਮਿਆਨ ਕਾਂਗਰਸ ਦੀ ਵਿਧਾਇਕ ਕਨੀਜ ਫਾਤਿਮਾ ਨੇ ਆਪਣੇ ਹਮਾਇਤੀਆਂ ਨਾਲ ਕਲਬੁਰਗੀ ਜ਼ਿਲਾ ਕੁਲੈਕਟਰ ਦੇ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਸੂਬਾਈ ਸਿੱਖਿਆ ਪ੍ਰਸ਼ਾਸਨ ਨੇ ਮੁਸਲਿਮ ਸਕੂਲੀ ਵਿਦਿਆਰਥਣਾਂ ’ਤੇ ਹਿਜਾਬ ਪਹਿਨਣ ਲਈ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਦੱਸਦੇ ਹੋਏ ਪ੍ਰਸ਼ਾਸਨ ਨੇ ਕਿਹਾ ਕਿ ਇਸ ਨਾਲ ਸਦਭਾਵਨਾ ਵਿਗੜਦੀ ਹੈ। ਇਸ ਲਈ ਵਰਦੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਭਾਰਤੀ ਵਿਗਿਆਨੀਆਂ ਦਾ ਦਾਅਵਾ-ਕੋਰੋਨਾ ਦੇ ਸਾਰੇ ਰੂਪਾਂ ਵਿਰੁੱਧ ਅਸਰਦਾਰ ਟੀਕਾ ਕੀਤਾ ਤਿਆਰ
ਫਾਤਿਮਾ ਨੇ ਸੂਬਾ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਸਰਕਾਰ ਹਿਜਾਬ ਪਹਿਨਣ ਤੋਂ ਰੋਕ ਕੇ ਵਿਖਾਏ। ਫਾਤਿਮਾ ਨੇ ਕਿਹਾ ਕਿ ਅਸੀਂ ਹਿਜਾਬ ਦੇ ਰੰਗ ’ਚ ਤਬਦੀਲੀ ਕਰ ਕੇ ਇਸ ਨੂੰ ਵਰਦੀ ਦੇ ਰੰਗ ਨਾਲ ਮਿਲਾਉਣ ਲਈ ਤਿਆਰ ਹਾਂ ਪਰ ਅਸੀਂ ਇਸ ਨੂੰ ਪਹਿਨਣਾ ਬੰਦ ਨਹੀਂ ਕਰ ਸਕਦੇ। ਮੈਂ ਵਿਧਾਨ ਸਭਾ ਵਿਚ ਵੀ ਹਿਜਾਬ ਪਹਿਣਦੀ ਹਾਂ। ਜੇ ਸਰਕਾਰ ਰੋਕ ਸਕਦੀ ਹੈ ਤਾਂ ਉਹ ਮੈਨੂੰ ਅਜਿਹਾ ਕਰਨ ਤੋਂ ਰੋਕ ਕੇ ਵਿਖਾਏ। ਕਰਨਾਟਕ ਵਿਧਾਨ ਸਭਾ ਵਿਚ ਗੁਲਬਰਗਾ (ਉੱਤਰ) ਚੋਣ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲੀ ਫਾਤਿਮਾ ਨੇ ਇਹ ਵੀ ਦੋਸ਼ ਲਾਇਆ ਕਿ ਸੂਬਾਈ ਸਿੱਖਿਆ ਪ੍ਰਸ਼ਾਸਨ ਵਲੋਂ ਵਿਦਿਆਰਥਣਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਦਿਆਰਥਣਾਂ ਨੂੰ ਸਕੂਲਾਂ ’ਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਉਹ ਵੀ ਅਜਿਹੇ ਸਮੇਂ ਜਦੋਂ ਸਾਲਾਨਾ ਪ੍ਰੀਖਿਆਵਾਂ ’ਚ ਸਿਰਫ਼ ਦੋ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ