ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, ਕਿਸਾਨਾਂ ਤੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ

Monday, Sep 16, 2024 - 11:32 PM (IST)

ਜੰਮੂ- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਸੋਮਵਾਰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ। ਇਸ ਮੈਨੀਫੈਸਟੋ ’ਚ ਪਾਰਟੀ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ 3500-3500 ਰੁਪਏ ਹਰ ਮਹੀਨੇ ਬੇਰੁਜ਼ਗਾਰੀ ਭੱਤਾ ਅਤੇ ਬੇਜ਼ਮੀਨੇ ਕਿਸਾਨਾਂ ਨੂੰ 4000 ਰੁਪਏ ਸਾਲਾਨਾ ਵਾਧੂ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਇਸ ਮੈਨੀਫੈਸਟੋ ਦਾ ਨਾਂ ‘ਹਾਥ ਬਦਲੇਗਾ ਹਾਲਾਤ’ ਰੱਖਿਆ ਹੈ। ਕਾਂਗਰਸ ਨੇ ਇਕ ਲੱਖ ਖਾਲੀ ਸਰਕਾਰੀ ਅਸਾਮੀਆਂ ਭਰਨ ਦਾ ਵੀ ਵਾਅਦਾ ਕੀਤਾ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਪਵਨ ਖੇੜਾ ਤੇ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਨੇ ਪਾਰਟੀ ਹੈੱਡਕੁਆਰਟਰ ਵਿਖੇ ਮੈਨੀਫੈਸਟੋ ਜਾਰੀ ਕੀਤਾ। ਖੇੜਾ ਨੇ ਕਿਹਾ ਕਿ ਅਸੀਂ ਬੇਜ਼ਮੀਨੇ ਕਿਸਾਨਾਂ ਤੇ ਜੋਤਦਾਰਾਂ ਨੂੰ ਹਰ ਸਾਲ 4-4 ਹਜ਼ਾਰ ਰੁਪਏ ਦੀ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰਾਂਗੇ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਕਿਸਾਨਾਂ ਲਈ 100 ਫੀਸਦੀ ਸਿੰਚਾਈ ਯਕੀਨੀ ਬਣਾਉਣ ਲਈ ਸਾਰੇ ਜ਼ਿਲਾ ਪੱਧਰੀ ਸਿੰਚਾਈ ਪ੍ਰਾਜੈਕਟਾਂ ਲਈ 2500 ਕਰੋੜ ਰੁਪਏ ਦਾ ਫੰਡ ਸਥਾਪਤ ਕੀਤਾ ਜਾਵੇਗਾ। ਮੈਨੀਫੈਸਟੋ ’ਚ ਪਾਰਟੀ ਨੇ 30 ਦਿਨਾਂ ਅੰਦਰ ਭਰਤੀ ਕੈਲੰਡਰ ਜਾਰੀ ਕਰ ਕੇ 1 ਲੱਖ ਖਾਲੀ ਸਰਕਾਰੀ ਅਸਾਮੀਆਂ ਭਰਨ ਦਾ ਵਾਅਦਾ ਕੀਤਾ ਹੈ।

PunjabKesari

ਮਹਿਲਾ ਮੁਖੀ ਨੂੰ 3500 ਰੁਪਏ ਦੇਣ ਦਾ ਵਾਅਦਾ

ਭਾਜਪਾ ਵਾਂਗ ਕਾਂਗਰਸ ਵੀ ਵੋਟਰਾਂ ਨੂੰ ਆਪਣੇ ਵੱਲ ਮੋੜਨ ’ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।

ਮੈਨੀਫੈਸਟੋ ’ਚ ਔਰਤਾਂ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਗਈ ਹੈ। ਕਾਂਗਰਸ ਨੇ ਸੱਤਾ ’ਚ ਆਉਣ ’ਤੇ ਹਰ ਗਰੀਬ ਪਰਿਵਾਰ ਦੀ ਮਹਿਲਾ ਮੁਖੀ ਨੂੰ ਹਰ ਮਹੀਨੇ 3500 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ‘ਸਖੀ ਸ਼ਕਤੀ ਯੋਜਨਾ’ ਅਧੀਨ ਔਰਤਾਂ ਨੂੰ 5 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਤੇ ਵਿਦਿਆਰਥਣਾਂ ਲਈ ਵਜ਼ੀਫ਼ਾ ਸਕੀਮ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ।

ਮੈਨੀਫੈਸਟੋ ਵਿਚ ਕਿਹਾ ਗਿਆ ਹੈ ਕਿ ਆਂਗਣਵਾੜੀ ਵਰਕਰਾਂ, ਸਹਾਇਕਾਂ, ਮਿਡ-ਡੇ-ਮੀਲ ਵਰਕਰਾਂ ਤੇ ਆਸ਼ਾ ਵਰਕਰਾਂ ਦੇ ਮਾਣ ਭੱਤੇ ਵਿਚ ਸੂਬੇ ਦਾ ਹਿੱਸਾ ਦੁੱਗਣਾ ਕੀਤਾ ਜਾਵੇਗਾ। ਕੇਂਦਰ ਸਰਕਾਰ ’ਤੇ ਅਜਿਹਾ ਕਰਨ ਲਈ ਦਬਾਅ ਬਣਾਇਆ ਜਾਵੇਗਾ।


Rakesh

Content Editor

Related News