ਪ੍ਰਿਯੰਕਾ ਨੂੰ ਤੇਲੰਗਾਨਾ ਤੋਂ ਚੋਣ ਲੜਾਉਣਾ ਚਾਹੁੰਦੇ ਹਨ ਕਾਂਗਰਸੀ ਨੇਤਾ
Friday, Jan 19, 2024 - 01:01 PM (IST)
ਨਵੀਂ ਦਿੱਲੀ- ਇਕ ਪਾਸੇ ਰਾਹੁਲ ਗਾਂਧੀ 67 ਦਿਨਾਂ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ’ਤੇ ਹਨ, ਉਥੇ ਹੀ, ਦੂਜੇ ਪਾਸੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਢੇਰਾ ਚੁੱਪਚਾਪ ਨਿੱਜੀ ਯਾਤਰਾ ’ਤੇ ਅਮਰੀਕਾ ਲਈ ਰਵਾਨਾ ਹੋ ਗਈ ਹੈ। ਹਾਲਾਂਕਿ ਉਹ ਏ. ਆਈ. ਸੀ. ਸੀ. ਦੀ ਜਨਰਲ ਸਕੱਤਰ ਹੈ ਪਰ ਅੱਜ ਤੱਕ ਉਨ੍ਹਾਂ ਨੂੰ ਕੋਈ ਖਾਸ ਕੰਮ ਨਹੀਂ ਦਿੱਤਾ ਗਿਆ। ਇਹ ਅਫਵਾਹ ਹੈ ਕਿ ਪ੍ਰਿਯੰਕਾ ਗਾਂਧੀ ਗੰਭੀਰਤਾ ਨਾਲ ਕਰਨਾਟਕ ਜਾਂ ਤੇਲੰਗਾਨਾ ਤੋਂ ਚੋਣ ਲੜਨ ’ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਯੂ. ਪੀ. ਇਕ ਮੁਸ਼ਕਲ ਸੂਬਾ ਹੈ, ਜਿੱਥੇ ਕਾਂਗਰਸ ਨੂੰ ਬਸਪਾ ਜਾਂ ਸਪਾ ਜਾਂ ਹੋਰਾਂ ’ਤੇ ਬਹੁਤ ਜ਼ਿਆਦਾ ਨਿਰਭਰ ਰਹਿਣਾ ਪਵੇਗਾ। ਤੇਲੰਗਾਨਾ ਕਾਂਗਰਸ ਬਹੁਤ ਉਤਸੁਕ ਹੈ ਕਿ ਪਾਰਟੀ ਦੀਆਂ ਸੀਟਾਂ ਨੂੰ 2 ਤੋਂ ਵਧਾ ਕੇ ਘੱਟੋ-ਘੱਟ 10 ਕਰਨ ਲਈ ਪ੍ਰਿਯੰਕਾ ਗਾਂਧੀ ਨੂੰ ਚੋਣ ਲੜਨੀ ਚਾਹੀਦੀ ਹੈ। ਤੇਲੰਗਾਨਾ ਕਾਂਗਰਸ ਚਾਹੁੰਦੀ ਹੈ ਕਿ ਪ੍ਰਿਯੰਕਾ ਨੂੰ ਮੇਡਕ ਤੋਂ ਮੈਦਾਨ ’ਚ ਉਤਾਰਿਆ ਜਾਵੇ, ਜਿੱਥੋਂ 1980 ’ਚ ਇੰਦਰਾ ਗਾਂਧੀ ਨੇ ਜਿੱਤ ਪ੍ਰਾਪਤ ਕੀਤੀ ਸੀ।
ਇਸੇ ਤਰ੍ਹਾਂ ਕਰਨਾਟਕ ਕਾਂਗਰਸ ਵੀ ਰਾਹੁਲ ਗਾਂਧੀ ਨੂੰ ਕੇਰਲ ਦੇ ਵਾਇਨਾਡ ਤੋਂ ਚਿਕਮੰਗਲੂਰ ਜਾਂ ਉੱਤਰੀ ਕਰਨਾਟਕ ਦੀ ਕਿਸੇ ਹੋਰ ਸੀਟ ’ਤੇ ਤਬਦੀਲ ਕਰਨ ਜਾਂ ਪ੍ਰਿਯੰਕਾ ਗਾਂਧੀ ਨੂੰ ਸੂਬੇ ਤੋਂ ਚੋਣ ਲੜਨ ਦੀ ਵਕਾਲਤ ਕਰ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਕਰਨਾਟਕ ਕਾਂਗਰਸ ਵੀ ਚਾਹੁੰਦੀ ਹੈ ਕਿ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਸੂਬੇ ਤੋਂ ਚੋਣ ਮੈਦਾਨ ’ਚ ਉਤਾਰਿਆ ਜਾਵੇ, ਕਿਉਂਕਿ ਭਾਜਪਾ-ਦੇਵੇਗੌੜਾ ਗੱਠਜੋੜ ਕਾਰਨ ਸੀਟਾਂ ਜਿੱਤਣਾ ਔਖਾ ਕੰਮ ਹੈ। ਜੇ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਚੋਣ ਲੜਦਾ ਹੈ ਤਾਂ ਉਹ ਸੂਬੇ ਤੋਂ ਚੋਣ ਲੜਨ ਵਾਲੀ ਨਹਿਰੂ-ਗਾਂਧੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ।