ਆਰਡੀਨੈਂਸ ਮਾਮਲਾ; ਦਿੱਲੀ ਤੇ ਪੰਜਾਬ ਦੇ ਜ਼ਿਆਦਾਤਰ ਕਾਂਗਰਸ ਨੇਤਾ ਕੇਜਰੀਵਾਲ ਦੇ ਪੱਖ ''ਚ ਨਹੀਂ

Monday, May 29, 2023 - 03:51 PM (IST)

ਆਰਡੀਨੈਂਸ ਮਾਮਲਾ; ਦਿੱਲੀ ਤੇ ਪੰਜਾਬ ਦੇ ਜ਼ਿਆਦਾਤਰ ਕਾਂਗਰਸ ਨੇਤਾ ਕੇਜਰੀਵਾਲ ਦੇ ਪੱਖ ''ਚ ਨਹੀਂ

ਨਵੀਂ ਦਿੱਲੀ- ਕਾਂਗਰਸ ਦੀ ਦਿੱਲੀ ਅਤੇ ਪੰਜਾਬ ਇਕਾਈ ਦੇ ਨੇਤਾਵਾਂ ਨੇ ਸੋਮਵਾਰ ਨੂੰ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਜ਼ਿਆਦਾਤਰ ਨੇਤਾਵਾਂ ਨੇ ਦਿੱਲੀ 'ਚ ਕੇਂਦਰ ਦੇ ਆਰਡੀਨੈਂਸ ਦੇ ਮੁੱਦੇ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨਾਲ ਨਾ ਖੜ੍ਹੇ ਹੋਣ ਦੀ ਪੈਰਵੀ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੇਤਾਵਾਂ ਨੇ ਖੜਗੇ ਨਾਲ ਵੱਖ-ਵੱਖ ਮੁਲਾਕਾਤ ਕੀਤੀ। ਬੈਠਕ ਮਗਰੋਂ ਕੇਜਰੀਵਾਲ ਨਾਲ ਗਠਜੋੜ ਸਬੰਧੀ ਸਵਾਲ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿੱਥੇ ਵਿਚਾਰਕ ਮਤਭੇਦ ਹੋਣ, ਉੱਥੇ ਗਠਜੋੜ ਨਹੀਂ ਹੋ ਸਕਦਾ। ਇਸ ਗੱਲ ਨੂੰ ਲੈ ਕੇ ਬਹੁਤ ਸਾਫ਼ ਹਾਂ ਕਿ ਮੇਰੀ ਲੜਾਈ ਸੱਚ ਦੇ ਪੱਖ ਦੀ ਹੈ। ਮੈਂ ਨੈਤਿਕ ਕਦਰਾਂ-ਕੀਮਤਾਂ ਨੂੰ ਲੈ ਕੇ ਸਮਝੌਤਾ ਨਹੀਂ ਕਰਦਾ। ਅੱਜ ਨੈਤਿਕ ਕਦਰਾਂ-ਕੀਮਤਾਂ ਹੇਠਲੇ ਪੱਧਰ 'ਤੇ ਚਲੇ ਗਏ ਕਿਉਂਕਿ ਲੋਕਤੰਤਰੀ ਕਦਰਾਂ-ਕੀਮਤਾਂ ਦਾ ਪਤਨ ਹੋ ਗਿਆ ਹੈ। 

ਦਰਅਸਲ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਸਮੇਤ ਸਾਰੀ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਕੇਂਦਰ ਦੇ ਆਰਡੀਨੈਂਸ ਨਾਲ ਸਬੰਧਤ ਬਿੱਲ ਦਾ ਸੰਸਦ ਵਿਚ ਵਿਰੋਧ ਕਰਨ। ਇਸ ਤੋਂ ਬਾਅਦ ਸਾਬਕਾ ਕੇਂਦਰੀ ਅਜੇ ਮਾਕਨ ਅਤੇ ਕਾਂਗਰਸ ਦੇ ਕੁਝ ਹੋਰ ਨੇਤਾਵਾਂ ਨੇ ਕੇਂਦਰ ਸਰਕਾਰ ਦੇ ਇਸ ਆਰਡੀਨੈਂਸ ਦੇ ਵਿਸ਼ੇ 'ਤੇ ਮੁੱਖ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਆਪਣੇ ਆਲਾਕਮਾਨ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦਾ ਸਮਰਥਨ ਨਾ ਕਰਨ।

ਜ਼ਿਕਰਯੋਗ ਹੈ ਕਿ ਕੇਂਦਰ ਨੇ ਹਾਲ ਹੀ ਵਿਚ IAS ਅਤੇ ਕੈਡਰ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਰਾਸ਼ਟਰੀ ਰਾਜਧਾਨੀ ਸਿਵਲ ਸੇਵਾਵਾਂ ਅਥਾਰਟੀ ਬਣਾਉਣ ਲਈ ਲਈ ਇਕ ਆਰਡੀਨੈਂਸ ਜਾਰੀ ਕੀਤਾ ਸੀ। ਇਹ ਆਰਡੀਨੈਂਸ ਸੁਪਰੀਮ ਕੋਰਟ ਵੱਲੋਂ ਦਿੱਲੀ 'ਚ ਚੁਣੀ ਗਈ ਸਰਕਾਰ ਨੂੰ ਪੁਲਸ ਤੋਂ ਇਲਾਵਾ ਹੋਰ ਸੇਵਾਵਾਂ, ਜਨਤਕ ਵਿਵਸਥਾ ਅਤੇ ਜ਼ਮੀਨ ਨਾਲ ਸਬੰਧਤ ਸੇਵਾਵਾਂ ਦਾ ਕੰਟਰੋਲ  ਸੌਂਪਣ ਤੋਂ ਬਾਅਦ ਆਇਆ ਹੈ।


author

Tanu

Content Editor

Related News