ਨਹੀਂ ਰਹੇ ਦਲਿਤਾਂ ਦੇ ਮਸੀਹਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ
Saturday, Jan 02, 2021 - 10:38 AM (IST)
ਨਵੀਂ ਦਿੱਲੀ- ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਦਲਿਤ ਨੇਤਾ ਸਰਦਾਰ ਬੂਟਾ ਸਿੰਘ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਬੂਟਾ ਸਿੰਘ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਹ 86 ਸਾਲ ਦੇ ਸਨ। 21 ਮਾਰਚ 1934 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਮੁਸਤਫਾਪੁਰ ਪਿੰਡ 'ਚ ਜਨਮੇ ਬੂਟਾ ਸਿੰਘ 8 ਵਾਰ ਲੋਕ ਸਭਾ ਲਈ ਚੁਣੇ ਗਏ। ਬੂਟਾ ਸਿੰਘ ਦੇ 2 ਪੁੱਤ ਅਤੇ ਇਕ ਧੀ ਹੈ। ਉਨ੍ਹਾਂ ਨੂੰ ਨਹਿਰੂ-ਗਾਂਧੀ ਪਰਿਵਾਰ ਦਾ ਕਾਫ਼ੀ ਕਰੀਬੀ ਮੰਨਿਆ ਜਾਂਦਾ ਸੀ। ਬੂਟਾ ਸਿੰਘ ਨੇ ਭਾਰਤ ਸਰਕਾਰ 'ਚ ਕੇਂਦਰੀ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਰੇਲ ਮੰਤਰੀ, ਖੇਡ ਮੰਤਰੀ ਅਤੇ ਹੋਰ ਅਹੁਦਿਆਂ ਤੋਂ ਇਲਾਵਾ ਬਿਹਾਰ ਦੇ ਰਾਜਪਾਲ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਦੇ ਰੂਪ 'ਚ ਮਹੱਤਵਪੂਰਨ ਵਿਭਾਗਾਂ ਦਾ ਕੰਮ ਸੰਭਾਲਿਆ। ਅੱਜ ਦੇ ਸਮੇ ਜਦੋਂ ਕਾਂਗਰਸ ਪਾਰਟੀ ਕੌਮੀ ਰਾਜਨੀਤੀ ਦੇ ਵਿਚ ਆਪਣੀ ਹੋਂਦ ਲਈ ਸੰਘਰਸ਼ ਕਰ ਰਹੀ ਹੈ ਤਾਂ ਦਲਿਤਾਂ ਦੇ ਵਿਚ ਵੱਡੇ ਅਧਾਰ ਵਾਲੇ ਸਰਦਾਰ ਬੂਟਾ ਸਿੰਘ ਦਾ ਦਿਹਾਂਤ ਪਾਰਟੀ ਲਈ ਵੱਡਾ ਘਾਟਾ ਹੈ
ਦੱਸਣਯੋਗ ਹੈ ਕਿ ਜਦੋਂ 1977 'ਚ 'ਜਨਤਾ ਲਹਿਰ' ਕਾਰਨ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਸੀ ਅਤੇ ਇਸ ਕਾਰਨ ਪਾਰਟੀ ਦੀ ਵੰਡ ਹੋ ਗਈ ਸੀ। ਇਸ ਤੋਂ ਬਾਅਦ ਸਰਦਾਰ ਬੂਟਾ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੇ ਇਕਮਾਤਰ ਰਾਸ਼ਟਰੀ ਜਨਰਲ ਸਕੱਤਰ ਦੇ ਰੂਪ 'ਚ ਮਿਹਨਤ ਤੋਂ ਬਾਅਦ ਪਾਰਟੀ ਨੂੰ 1980 'ਚ ਫਿਰ ਤੋਂ ਸੱਤਾ 'ਚ ਲਿਆਉਣ ਲਈ ਉਨ੍ਹਾਂ ਨੇ ਯੋਗਦਾਨ ਦਿੱਤਾ ਸੀ।