ਪ੍ਰੋਟੈਮ ਸਪੀਕਰ ਦੇ ਮੁੱਦੇ ’ਤੇ ਕਾਂਗਰਸ MP ਬੋਲੇ- ''ਭਾਜਪਾ ਕਰ ਰਹੀ ਸੰਸਦੀ ਲੋਕਤੰਤਰ ਨੂੰ ਨਜ਼ਰਅੰਦਾਜ਼''

06/22/2024 12:36:52 AM

ਨੈਸ਼ਨਲ ਡੈਸਕ- 8 ਵਾਰ ਦੇ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਕੋਡਿਕੁਨਿਲ ਸੁਰੇਸ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰੰਪਰਾ ਅਨੁਸਾਰ ਸਭ ਤੋਂ ਸੀਨੀਅਰ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੂੰ ਅਸਥਾਈ ਸਪੀਕਰ (ਪ੍ਰੋਟੈਮ ਸਪੀਕਰ) ਬਣਾਇਆ ਜਾਣਾ ਚਾਹੀਦਾ ਸੀ ਅਤੇ ਅਜਿਹਾ ਨਹੀਂ ਕੀਤਾ ਜਾਣਾ ਇਹ ਦਰਸਾਉਂਦਾ ਹੈ ਕਿ ‘ਭਾਜਪਾ ਸੰਸਦੀ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖੇਗੀ, ਜਿਵੇਂ ਕਿ ਉਸ ਨੇ ਪਹਿਲਾਂ 2 ਵਾਰ ਕੀਤਾ ਸੀ।’

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਭਰਤਹਰਿ ਮਹਿਤਾਬ ਨੂੰ ਲੋਕ ਸਭਾ ਦਾ ਅਸਥਾਈ ਸਪੀਕਰ ਨਿਯੁਕਤ ਕੀਤੇ ਜਾਣ ਦੇ ਇਕ ਦਿਨ ਬਾਅਦ ਸੁਰੇਸ਼ ਨੇ ਕਿਹਾ ਕਿ ਇਹ ਉਨ੍ਹਾਂ ਪ੍ਰੰਪਰਾਵਾਂ ਦੀ ਉਲੰਘਣਾ ਹੈ, ਜਿਨ੍ਹਾਂ ਦੀ ਪਹਿਲਾਂ ਪਾਲਣਾ ਕੀਤੀ ਜਾਂਦੀ ਸੀ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ,‘ਇਹ ਫੈਸਲਾ ਦੇਸ਼ ’ਚ ਸੰਸਦੀ ਲੋਕਤੰਤਰ ਨੂੰ ਖਤਰੇ ’ਚ ਪਾਉਣ ਦੇ ਵਾਂਗ ਹੈ। ਇਹ ਦਰਸਾਉਂਦਾ ਹੈ ਕਿ ਭਾਜਪਾ ਸੰਸਦੀ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖੇਗੀ ਜਾਂ ਆਪਣੇ ਹਿੱਤਾਂ ਲਈ ਉਨ੍ਹਾਂ ਦੀ ਵਰਤੋਂ ਕਰੇਗੀ ਜਿਵੇਂ ਕਿ ਉਸ ਨੇ ਪਹਿਲਾਂ 2 ਵਾਰ ਕੀਤਾ ਸੀ।

ਅਸਥਾਈ ਸਪੀਕਰ 18ਵੀ ਲੋਕ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁੱਕਵਾਉਣਗੇ ਅਤੇ ਸਪੀਕਰ ਦੀ ਚੋਣ ਤੱਕ ਹੇਠਲੇ ਸਦਨ ਦੀ ਪ੍ਰਧਾਨਗੀ ਕਰਨਗੇ। ਸੁਰੇਸ਼ ਨੇ ਕਿਹਾ ਕਿ ਇਹ ਫੈਸਲਾ ਇਹ ਵੀ ਦੱਸਦਾ ਹੈ ਕਿ ਭਾਜਪਾ ਵਿਰੋਧੀ ਧਿਰ ਦਾ ਅਪਮਾਨ ਕਰਨਾ ਜਾਰੀ ਰੱਖੇਗੀ, ਉਸ ਦੇ ਮੌਕੇ ਖੋਹੇਗੀ ਅਤੇ ਉਸ ਨੂੰ ਉਹ ਮਾਨਤਾ ਨਹੀਂ ਦੇਵੇਗੀ, ਜੋ ਵਿਰੋਧੀ ਧਿਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ (ਭਾਜਪਾ) ਨੇ ਪਹਿਲਾਂ 2 ਵਾਰ ਸੱਤਾ ’ਚ ਰਹਿਣ ਦੌਰਾਨ ਇਹੀ ਕੀਤਾ ਸੀ। ਸੁਰੇਸ਼ ਨੇ ਕਿਹਾ ਕਿ ਅਤੀਤ ’ਚ ਪ੍ਰਚਲਿਤ ਪ੍ਰੰਪਰਾਵਾਂ ਅਨੁਸਾਰ ਜ਼ਿਆਦਾ ਵਾਰ ਸੰਸਦ ਮੈਂਬਰ ਬਣਨ ਵਾਲੇ ਲੋਕ ਸਭਾ ਮੈਂਬਰ ਨੂੰ ਅਸਥਾਈ ਸਪੀਕਰ ਨਿਯੁਕਤ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ,‘ਇਸ ਪ੍ਰੰਪਰਾ ਦੀ ਪਾਲਣਾ ਉਦੋਂ ਵੀ ਕੀਤੀ ਗਈ ਜਦ ਕਾਂਗਰਸ, ਯੂ. ਪੀ. ਏ., ਭਾਜਪਾ ਅਤੇ ਐੱਨ. ਡੀ. ਏ. ਸੱਤਾ ’ਚ ਸੀ।’ ਸੁਰੇਸ਼ ਨੇ ਦਾਅਵਾ ਕੀਤਾ ਕਿ ਪਿਛਲੇ 8 ਵਾਰ ਤੋਂ ਸੰਸਦ ਮੈਂਬਰ ਰਹੀ ਮੇਨਕਾ ਗਾਂਧੀ ਅਸਥਾਈ ਸਪੀਕਰ ਬਣਨ ਦੇ ਯੋਗ ਸੀ ਪਰ ਕਿਉਂਕਿ ਉਨ੍ਹਾਂ ਨੂੰ ਕੇਂਦਰੀ ਮੰਤਰੀ ਨਹੀਂ ਬਣਾਇਆ ਗਿਆ ਤਾਂ ਉਨ੍ਹਾਂ ਨੇ ਇਸ ’ਚ ਰੁਚੀ ਨਹੀਂ ਦਿਖਾਈ। ਕਾਂਗਰਸ ਸੰਸਦ ਮੈਂਬਰ ਨੇ ਕਿਹਾ,‘ਉਨ੍ਹਾਂ ਤੋਂ ਬਾਅਦ ਮੈਂ ਅਤੇ ਭਾਜਪਾ ਦੇ ਵਰਿੰਦਰ ਕੁਮਾਰ ਸਭ ਤੋਂ ਸੀਨੀਅਰ ਸੰਸਦ ਮੈਂਬਰ ਸਨ ਪਰ ਕੁਮਾਰ ਨੂੰ ਅਸਥਾਈ ਸਪੀਕਰ ਚੁਣਿਆ ਗਿਆ। ਇਸ ਵਾਰ ਵੀ ਕੁਮਾਰ ਅਤੇ ਮੈਂ ਸਭ ਤੋਂ ਸੀਨੀਅਰ ਸੰਸਦ ਮੈਂਬਰ ਸੀ। ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਅਤੇ ਇਸ ਲਈ ਲੋਕ ਸਭਾ ਦੇ ਨਿਯਮਾਂ, ਪ੍ਰਕਿਰਿਆਵਾਂ ਅਤੇ ਪ੍ਰੰਪਰਾਵਾਂ ਦੇ ਅਨੁਸਾਰ ਮੈਨੂੰ ਅਸਥਾਈ ਸਪੀਕਰ ਬਣਾਇਆ ਜਾਣਾ ਚਾਹੀਦਾ ਸੀ।’ ਸੁਰੇਸ਼ ਨੇ ਦਾਅਵਾ ਕੀਤਾ,‘ ਲੋਕ ਸਭਾ ਸਕੱਤਰੇਤ ਨੇ ਮੇਰੇ ਨਾਂ ਦਾ ਮਤਾ ਭੇਜਿਆ ਸੀ ਪਰ ਜਦ ਕੇਂਦਰ ਨੇ ਰਾਸ਼ਟਰਪਤੀ ਕੋਲ ਆਪਣੇ ਨਾਂ ਭੇਜੇ ਤਾਂ ਮੇਰੇ ਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।’ ਕੇਂਦਰ ਦੇ ਇਸ ਫੈਸਲੇ ਦੀ ਵੀਰਵਾਰ ਨੂੰ ਕਾਂਗਰਸ ਨੇ ਤਿੱਖੀ ਆਲੋਚਨਾ ਕੀਤੀ ਸੀ।


Rakesh

Content Editor

Related News