ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਹੋਇਆ ਕੋਰੋਨਾ, ਘਰ 'ਚ ਹੋਏ ਇਕਾਂਤਵਾਸ
Friday, Oct 16, 2020 - 04:51 PM (IST)
ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ 'ਚ ਵਿਰੋਧੀ ਨੇਤਾ ਗੁਲਾਮ ਨਬੀ ਆਜ਼ਾਦ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਉਨ੍ਹਾਂ ਨੇ ਖ਼ੁਦ ਨੂੰ ਘਰ 'ਚ ਕੁਆਰੰਟੀਨ ਕਰ ਲਿਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਵਿੱਟਰ ਦੇ ਮਾਧਿਅਮ ਨਾਲ ਇਹ ਜਾਣਕਾਰੀ ਦਿੱਤੀ। 71 ਸਾਲਾ ਆਜ਼ਾਦ ਨੇ ਕਿਹਾ,''ਜਾਂਚ 'ਚ ਮੇਰੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਮੈਂ ਘਰ 'ਚ ਹੀ ਖ਼ੁਦ ਨੂੰ ਕੁਆਰੰਟੀਨ ਕਰ ਲਿਆ ਹੈ। ਪਿਛਲੇ ਕੁਝ ਦਿਨਾਂ 'ਚ ਮੇਰੇ ਸੰਪਰਕ 'ਚ ਆਏ ਲੋਕ ਪ੍ਰੋਟੋਕਾਲ ਦਾ ਪਾਲਣ ਕਰਨ।''
ਰਾਜ ਸਭਾ 'ਚ ਕਾਂਗਰਸ ਦੇ ਉੱਪ ਨੇਤਾ ਆਨੰਦ ਸ਼ਰਮਾ ਨੇ ਆਜ਼ਾਦ ਦੇ ਕੋਰੋਨਾ ਪੀੜਤ ਹੋਣ 'ਤੇ ਚਿੰਤਾ ਜਤਾਈ ਅਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਆਜ਼ਾਦ ਤੋਂ ਪਹਿਲਾਂ ਕਾਂਗਰਸ ਦੇ ਕਈ ਸੀਨੀਅਰ ਨੇਤਾ ਕੋਵਿਡ-19 ਦੀ ਲਪੇਟ 'ਚ ਆ ਚੁਕੇ ਹਨ। ਮੋਤੀਲਾਲ ਵੋਰਾ, ਅਹਿਮਦ ਪਟੇਲ, ਅਭਿਸ਼ੇਕ ਮਨੂੰ ਸਿੰਘਵੀ, ਪੀ.ਐੱਲ. ਪੁਨੀਆ, ਤਰੁਣ ਗੋਗੋਈ, ਆਰ.ਪੀ.ਐੱਨ. ਸਿੰਘ ਅਤੇ ਪਾਰਟੀ ਦੇ ਕੁਝ ਹੋਰ ਨੇਤਾ ਪਿਛਲੇ ਕੁਝ ਮਹੀਨਿਆਂ 'ਚ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ। ਇਹੀ ਨਹੀਂ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਸਮੇਤ ਸੱਤਾਪੱਖ ਅਤੇ ਵਿਰੋਧੀ ਧਿਰ ਦੇ ਕਈ ਹੋਰ ਨੇਤਾ ਵੀ ਇਸ ਵਾਇਰਸ ਨਾਲ ਪੀੜਤ ਹੋਏ।