ਗੋਆ ’ਚ ਖਿੰਡਦੀ ਕਾਂਗਰਸ ਨੂੰ ਬਚਾਉਣ ਦੀ ਕਵਾਇਦ, 5 ਵਿਧਾਇਕਾਂ ਨੂੰ ਅਣਦੱਸੀ ਜਗ੍ਹਾ ’ਤੇ ਭੇਜਿਆ

07/12/2022 10:45:47 AM

ਪਣਜੀ- ਗੋਆ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ ਨੇ ਆਪਣੇ 5 ਵਿਧਾਇਕਾਂ ਨੂੰ ਕਿਸੇ ਅਣਦੱਸੀ ਥਾਂ ’ਤੇ ਭੇਜ ਦਿੱਤਾ ਹੈ। ਪਾਰਟੀ ਦੇ 5 ਹੋਰ ਵਿਧਾਇਕਾਂ ਨਾਲ ਪਹਿਲਾਂ ਹੀ ਸੰਪਰਕ ਨਹੀਂ ਹੋ ਪਾ ਰਿਹਾ। ਕਾਂਗਰਸ ਦੇ ਇਕ ਇਕ ਸੀਨੀਅਰ ਆਗੂ ਨੇ ਇਹ ਜਾਣਕਾਰੀ ਦਿੱਤੀ। ਖਾਸ ਗੱਲ ਇਹ ਹੈ ਕਿ ਵਿਗੜਦੇ ਸਿਆਸੀ ਹਾਲਾਤ ਦਰਮਿਆਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁਕੁਲ ਵਾਸਨਿਕ ਨੂੰ ਗੋਆ ਭੇਜਿਆ ਸੀ। ਪਾਰਟੀ ਦੀ ਗੋਆ ਇਕਾਈ ਦੇ ਪ੍ਰਧਾਨ ਅਮਿਤ ਪਾਟਕਰ ਨੇ ਦੱਸਿਆ ਕਿ ਪਾਰਟੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨਵੇਂ ਨੇਤਾ ਦੇ ਨਾਂ ਦਾ ਐਲਾਨ ਕਰੇਗੀ।

ਸੋਮਵਾਰ ਸਵੇਰ ਤੱਕ ਕਾਂਗਰਸ ਦੇ 11 ਵਿਧਾਇਕਾਂ ’ਚੋਂ 5 ਪਾਰਟੀ ਦੇ ਨਾਲ ਸਨ, ਉੱਥੇ ਹੀ 5 ਹੋਰ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਵਿਧਾਇਕ ਅਲੈਕਸੋ ਸਿਕੇਰਾ ਆਪਣੇ ਘਰ ਹਨ ਅਤੇ ਉਨ੍ਹਾਂ ਨੇ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਪੁਸ਼ਟੀ ਕੀਤੀ ਕਿ 5 ਵਿਧਾਇਕਾਂ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਪਾਰਟੀ ਦੇ ਨਾਲ ਹੀ ਹਨ ਅਤੇ ਉਨ੍ਹਾਂ ਨੂੰ ਪਾਰਟੀ ਨੂੰ ਹੋਰ ਦੋਫਾੜ ਹੋਣ ਤੋਂ ਬਚਾਉਣ ਲਈ ਕਿਸੇ ਅਣਦੱਸੀ ਥਾਂ ’ਤੇ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ, “ਉਹ ਵਿਧਾਇਕ ਸੈਸ਼ਨ ’ਚ ਸ਼ਾਮਲ ਹੋਣ ਲਈ ਵਿਧਾਨ ਸਭਾ ’ਚ ਆਉਣਗੇ।’’

ਕਾਂਗਰਸ ਨੇ ਵਿਧਾਇਕ ਲੋਬੋ, ਕਾਮਤ ਨੂੰ ਅਯੋਗ ਠਹਿਰਾਉਣ ਲਈ ਦਾਇਰ ਕੀਤੀਆਂ ਪਟੀਸ਼ਨਾਂ

ਕਾਂਗਰਸ ਨੇ ਸੋਮਵਾਰ ਨੂੰ ਗੋਆ ਵਿਧਾਨ ਸਭਾ ਦੇ ਸਪੀਕਰ ਰਮੇਸ਼ ਤਾਵਡਕਰ ਸਾਹਮਣੇ ਪਟੀਸ਼ਨ ਦਾਇਰ ਕਰ ਕੇ ਆਪਣੇ ਵਿਧਾਇਕਾਂ ਮਾਈਕਲ ਲੋਬੋ ਅਤੇ ਦਿਗੰਬਰ ਕਾਮਤ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਦੋਵਾਂ ਵਿਧਾਇਕਾਂ ’ਤੇ ਪਾਰਟੀ ’ਚ ਫੁੱਟ ਪਾਉਣ ਲਈ ਸੱਤਾਧਾਰੀ ਪਾਰਟੀ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਾਇਆ ਹੈ। ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਿਤ ਪਾਟਕਰ ਨੇ ਕਿਹਾ ਕਿ ਲੋਬੋ ਨੂੰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਦੇ ਪਾਰਟੀ ਦੇ ਫੈਸਲੇ ਬਾਰੇ ਸਪੀਕਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Tanu

Content Editor

Related News