ਕਾਂਗਰਸ ਦੀਆਂ ਗਾਰੰਟੀਆਂ ਫੇਲ ਹੋਈਆਂ ਹਨ, ਅੱਗੇ ਵੀ ਹੋਣਗੀਆਂ ਫੇਲ : ਅਨੁਰਾਗ ਠਾਕੁਰ
Tuesday, Nov 14, 2023 - 11:32 AM (IST)
ਭੋਪਾਲ (ਨਵੋਦਿਆ ਟਾਈਮਜ਼)– ਮੱਧ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਨੇਤਾ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਰਾਜ ਵਿਚ ਦੇਸ਼ ਦਾ ਵਿਕਾਸ ਹੋ ਰਿਹਾ ਹੈ ਅਤੇ ਇਸ ਦੇ ਰਾਜ ਕਾਲ ’ਚ ਮੱਧ ਪ੍ਰਦੇਸ਼ ਨੇ ਰਾਸ਼ਟਰ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ।
ਅਕੂ ਸ਼੍ਰੀਵਾਸਤਵ ਨਾਲ ਵਿਸ਼ੇਸ਼ ਗੱਲਬਾਤ ’ਚ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਦੇ ਇਰਾਦੇ ਨੇਕ ਨਹੀਂ ਹਨ। ਇਨ੍ਹਾਂ ਨੇ ਹਿਮਾਚਲ ਪ੍ਰਦੇਸ਼ ਨੂੰ ਠੱਗਿਆ, ਕਰਨਾਟਕ ਨੂੰ ਠੱਗਿਆ, ਪੂਰੇ ਰਾਜਸਥਾਨ ਨੂੰ ਵੀ ਠੱਗ ਲਿਆ। ਹੁਣ ਫਿਰ ਝੂਠੇ ਭਾਸ਼ਣਾਂ ਦੇ ਸਹਾਰੇ ਕਾਂਗਰਸ ਵੋਟਰਾਂ ਨੂੰ ਠੱਗਣਾ ਚਾਹੁੰਦੀ ਹੈ। ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀਆਂ ਗਾਰੰਟੀਆਂ ਪੂਰੀ ਤਰ੍ਹਾਂ ਅਸਫਲ ਹੋ ਗਈਆਂ ਹਨ। ਇਨ੍ਹਾਂ ਨੇ ਕਿਹਾ ਸੀ ਕਿ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੇਵਾਂਗੇ। ਹਿਮਾਚਲ ਪ੍ਰਦੇਸ਼ ਦੀਆਂ ਸਾਢੇ 22 ਲੱਖ ਔਰਤਾਂ ਉਡੀਕ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਇਹ ਰਕਮ ਨਹੀਂ ਮਿਲੀ। ਕਾਂਗਰਸ ਨੇ ਕਿਹਾ ਸੀ ਕਿ ਕਿਸਾਨਾਂ ਤੋਂ 100 ਰੁਪਏ ਕਿੱਲੋ ਦੁੱਧ ਅਤੇ 2 ਰੁਪਏ ਕਿੱਲੋ ਗੋਹਾ ਖਰੀਦਾਂਗੇ ਪਰ ਨਹੀਂ ਖਰੀਦਿਆ ਗਿਆ। ਇਨ੍ਹਾਂ ਨੇ ਕਿਹਾ ਸੀ ਕਿ 300 ਯੂਨਿਟ ਬਿਜਲੀ ਮੁਫਤ ਦੇਵਾਂਗੇ। ਉਸ ਨੂੰ ਤਾਂ ਛੱਡੋ, ਜਿਹੜੀ 125 ਯੂਨਿਟ ਬਿਜਲੀ ਮੁਫਤ ਮਿਲਦੀ ਸੀ, ਇਨ੍ਹਾਂ ਨੇ ਉਹ ਵੀ ਬੰਦ ਕਰ ਦਿੱਤੀ।
*ਅਸੀਂ ਜੋ ਨਹੀਂ ਕਿਹਾ, ਉਹ ਵੀ ਕਰ ਕੇ ਵਿਖਾਇਆ
ਕੇਂਦਰੀ ਮੰਤਰੀ ਨੇ ਕਿਹਾ–‘‘ਅਸੀਂ ਜੋ ਨਹੀਂ ਕਿਹਾ, ਉਹ ਕੰਮ ਵੀ ਕੀਤਾ। 'ਲਾਡਲੀ ਬਹਿਨਾ ਯੋਜਨਾ' ਅਧੀਨ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਉਨ੍ਹਾਂ ਦੇ ਘਰ ਦਿੱਤਾ ਜਾਂਦਾ ਹੈ। ਤਿਉਹਾਰਾਂ ਦੇ ਮੌਕੇ ’ਤੇ ਔਰਤਾਂ ਨੂੰ ਸਹੂਲਤਾਂ ਦੇਣਾ, ਸੁਰੱਖਿਆ ਦੇਣਾ, ਸਨਮਾਨ ਦੇਣਾ, ਇਹ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿਚ ਹੁੰਦਾ ਹੈ, ਜਦੋਂਕਿ ਰਾਜਸਥਾਨ ਜਿੱਥੇ ਕਾਂਗਰਸ ਦੀ ਸਰਕਾਰ ਹੈ, ਉੱਥੇ ਔਰਤਾਂ ਨਾਲ ਅਪਰਾਧ ਦੇ 2 ਲੱਖ ਤੋਂ ਵੱਧ ਮਾਮਲੇ ਦਰਜ ਹੋਏ ਹਨ। ਔਰਤਾਂ ਨਾਲ ਜਬਰ-ਜ਼ਨਾਹ, ਸਾੜਨ ਦੀਆਂ ਘਟਨਾਵਾਂ ਵਾਪਰੀਆਂ ਹਨ। ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਉੱਥੇ ਨਹੀਂ ਜਾਂਦੇ।’’
*ਸਿੰਚਾਈ ਵਾਲੀ ਜ਼ਮੀਨ 7 ਲੱਖ ਹੈੱਕਟੇਅਰ ਤੋਂ 47 ਲੱਖ ਹੈੱਕਟੇਅਰ ਕੀਤੀ ਗਈ
ਠਾਕੁਰ ਨੇ ਕਿਹਾ ਕਿ ਮੱਧ ਪ੍ਰਦੇਸ਼ ਇਕ ਖੇਤੀ ਪ੍ਰਧਾਨ ਸੂਬਾ ਹੈ। ਕਦੇ ਇਸ ਨੂੰ ਬੀਮਾਰੂ ਸੂਬਾ ਮੰਨਿਆ ਜਾਂਦਾ ਸੀ ਪਰ ਅੱਜ ਇੱਥੇ ਸਿੰਚਾਈ ਵਾਲੀ ਜ਼ਮੀਨ 7 ਲੱਖ ਹੈੱਕਟੇਅਰ ਤੋਂ ਵਧ ਕੇ 47 ਲੱਖ ਹੈੱਕਟੇਅਰ ਹੋ ਗਈ ਹੈ। ਜਿਸ ਸੂਬੇ ਦੀ ਵਿਕਾਸ ਦਰ ਕਦੇ ਸਿਰਫ ਇਕ ਫੀਸਦੀ ਹੋਇਆ ਕਰਦੀ ਸੀ, ਅੱਜ ਉਹ ਸੂਬਾ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸੂਬਿਆਂ ਵਿਚ ਸ਼ਾਮਲ ਹੈ। ਜਿਸ ਸੂਬੇ ਵਿਚ ਕਦੇ ਟੁੱਟੀਆਂ ਸੜਕਾਂ ਹੀ ਪਛਾਣ ਹੋਇਆ ਕਰਦੀਆਂ ਸਨ, ਉੱਥੇ ਹੁਣ ਢਾਂਚਾਗਤ ਵਿਕਾਸ ਇੰਨਾ ਜ਼ਿਆਦਾ ਹੋਇਆ ਹੈ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਸਾਡੀ ਪਾਰਟੀ ਦੇ ਨੇਤਾ ਕੇਂਦਰ ਤੋਂ ਲੈ ਕੇ ਸੂਬੇ ਤਕ ਸੰਕਲਪ ਲੈ ਕੇ ਚੱਲਦੇ ਹਨ ਕਿ ਸਾਡਾ ਜੀਵਨ ਸੇਵਾ ਭਾਵਨਾ ਅਤੇ ਰਾਸ਼ਟਰ ਦੇ ਵਿਕਾਸ ਨਾਲ ਹੀ ਸਫਲ ਹੈ। ਭਾਜਪਾ ਦੇ ਸਾਰੇ ਨੇਤਾ ਤੇ ਵਰਕਰ ਇਸੇ ਮੂਲ ਮੰਤਰ ਨੂੰ ਅਪਣਾ ਕੇ ਕੰਮ ਕਰਦੇ ਹਨ।
*ਕੋਈ ਵੀ ਹੋਵੇ, ਭ੍ਰਿਸ਼ਟਾਚਾਰ ਕੀਤਾ ਤਾਂ ਜੇਲ੍ਹ ਜਾਣਾ ਪਵੇਗਾ
ਅਨੁਰਾਗ ਠਾਕੁਰ ਨੇ ਕਿਹਾ ਕਿ ਜਨਤਾ ਨੇ ਤੈਅ ਕਰਨਾ ਹੈ ਕਿ ਕੀ ਉਹ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ? ਕੀ ਉਹ ਪਾਰਟੀਆਂ ਵਲੋਂ, ਨੇਤਾਵਾਂ ਵਲੋਂ ਅਤੇ ਅਫਸਰਾਂ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ? ਭਾਵੇਂ ਕੋਈ ਕਿੰਨਾ ਵੀ ਵੱਡਾ ਨੇਤਾ ਕਿਉਂ ਨਾ ਹੋਵੇ, ਜੇ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਜੇਲ ਜਾਣਾ ਹੀ ਪਵੇਗਾ। ਅਰਵਿੰਦ ਕੇਜਰੀਵਾਲ ਨੂੰ ਨੋਟਿਸ ਮਿਲ ਚੁੱਕਾ ਹੈ ਅਤੇ ਭੂਪੇਸ਼ ਬਘੇਲ ਲਈ ਵੀ ਜੇਲ ਹੁਣ ਜ਼ਿਆਦਾ ਦੂਰ ਨਹੀਂ।
*ਸੱਟੇ ਦੇ ਰਸਤੇ ਸੱਤਾ ਬਦਲਣ, ਹਾਸਲ ਕਰਨ ਦਾ ਯਤਨ
ਰਾਹੁਲ ਗਾਂਧੀ ਜੀ ਦੀ ਭਾਸ਼ਾ ਵਿਦੇਸ਼ੀ ਧਰਤੀ ’ਤੇ ਦੇਸ਼ ਦੇ ਖਿਲਾਫ ਹੈ। ਜਿਸ ਤਰ੍ਹਾਂ ਉਹ ਵਿਦੇਸ਼ੀ ਤਾਕਤਾਂ ਦਾ ਸਹਿਯੋਗ ਲੈ ਰਹੇ ਹਨ, ਹੁਣ ਤਾਂ ਵਿਦੇਸ਼ੀ ਧਨ ਤੇ ਤਾਕਤ ਦੀ ਵਰਤੋਂ ਵੀ ਭਾਰਤੀ ਚੋਣ ਵਿਚ ਹੋ ਰਹੀ ਹੈ। ਸੱਟੇ ਦੇ ਰਸਤੇ ਸੱਤਾ ਬਦਲਣ ਦਾ ਕੰਮ ਹੋ ਰਿਹਾ ਹੈ। ਵਿਦੇਸ਼ੀ ਪੈਸਾ ਮੰਗਵਾ ਕੇ ਕੰਮ ਹੋ ਰਿਹਾ ਹੈ। ਇਸ ਦਾ ਜਵਾਬ ਰਾਹੁਲ ਗਾਂਧੀ ਨੂੰ ਦੇਣਾ ਪਵੇਗਾ।
*ਨਾਰੀ ਸ਼ਕਤੀ, ਵਾਂਝਿਆਂ ਨੂੰ ਮਿਲੇ ਉਨ੍ਹਾਂ ਦਾ ਹੱਕ
ਰਾਮਨਾਥ ਕੋਵਿੰਦ ਰਾਸ਼ਟਰਪਤੀ ਬਣੇ, ਪਹਿਲੀ ਅਨੁਸੂਚਿਤ ਜਾਤੀ ਦੀ ਔਰਤ ਦ੍ਰੌਪਦੀ ਮੁਰਮੂ ਰਾਸ਼ਟਰਪਤੀ ਬਣੀ। ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਬਜਟ ਵਧਾਇਆ ਗਿਆ। ਦੇਸ਼ ਭਰ 'ਚ ਜਨਜਾਤੀ ਲੋਕਾਂ ਨੂੰ ਹੱਕ ਦਿੱਤਾ ਗਿਆ। ਇਹ ਵਰਗ ਲੋਕਤੰਤਰ ਦੀ ਤਾਕਤ ਹੈ। ਉਨ੍ਹਾਂ ਨੂੰ ਹੱਕ ਦਿੱਤੇ ਗਏ ਅਤੇ ਮੋਦੀ ਸਰਕਾਰ ’ਚ ਦਿੱਤੇ ਗਏ। ਪਹਿਲਾਂ ਦੀਆਂ ਸਰਕਾਰਾਂ ਵਾਅਦੇ ਕਰਦੀਆਂ ਸਨ ਪਰ ਪੂਰੇ ਨਹੀਂ ਕਰਦੀਆਂ ਸਨ। ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ ਤਕ ਇਨ੍ਹਾਂ ਦੀਆਂ ਚਾਰ ਪੀੜ੍ਹੀਆਂ ਨੇ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਪਰ ਗਰੀਬੀ ਕਦੇ ਨਹੀਂ ਹਟਾਈ। ਮੋਦੀ ਸਰਕਾਰ ਨੇ ਗਰੀਬਾਂ ਤੇ ਜਨਜਾਤੀ ਦੇ ਲੋਕਾਂ ਨੂੰ ਮਾੜੀ ਹਾਲਤ ’ਚੋਂ ਬਾਹਰ ਕੱਢ ਕੇ ਚੰਗੀ ਹਾਲਤ ਵਿਚ ਲਿਆਉਣ ਅਤੇ ਉਨ੍ਹਾਂ ਦਾ ਵਿਕਾਸ ਕਰਨ ਦਾ ਕੰਮ ਕੀਤਾ।
*ਨੌਜਵਾਨਾਂ ਲਈ ਸਿੱਖੋ-ਕਮਾਓ ਯੋਜਨਾ ਸ਼ੁਰੂ ਕੀਤੀ
ਮੱਧ ਪ੍ਰਦੇਸ਼ ਵਿਚ ਨੌਜਵਾਨਾਂ ਲਈ ਸਿੱਖੋ-ਕਮਾਓ ਯੋਜਨਾ ਸ਼ੁਰੂ ਕੀਤੀ ਗਈ। ਉੱਦਮ ਯੋਜਨਾ ਤਹਿਤ ਲੱਖਾਂ ਨੌਜਵਾਨਾਂ ਨੂੰ ਕਰੋੜਾਂ ਰੁਪਏ ਦਿੱਤੇ ਗਏ ਤਾਂ ਜੋ ਉਹ ਆਪਣਾ ਉਦਯੋਗ ਸ਼ੁਰੂ ਕਰ ਸਕਣ। ਰਵਿਦਾਸ ਸਕਿਲ ਸੈਂਟਰ ’ਚ ਸਿੰਗਾਪੁਰ ਨਾਲ ਸਹਿਯੋਗ ਕਰ ਕੇ ਹਰ ਸਾਲ 6 ਹਜ਼ਾਰ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਹ ਆਪਣੇ-ਆਪ ’ਚ ਬਹੁਤ ਵੱਡੀ ਗੱਲ ਹੈ।
*ਜਾਤੀ ਸਿਆਸਤ ਦੇ ਅਸਰ ’ਤੇ ਸੋਚਣਾ ਜ਼ਰੂਰੀ
ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਜਾਤੀ ਤੇ ਧਰਮ ’ਤੇ ਹੀ ਸਿਆਸਤ ਕੀਤੀ ਹੈ। ਉਸ ਦਾ ਮਕਸਦ ਹੀ ‘ਵੰਡੋ ਤੇ ਰਾਜ ਕਰੋ’ ਦਾ ਰਿਹਾ ਹੈ। ਜਿੱਥੋਂ ਤਕ ਜਾਤੀ ਗਣਨਾ ਦੀ ਗੱਲ ਹੈ ਤਾਂ ਇਸ ਨਾਲ ਜਾਤੀ ਦੀ ਸਿਆਸਤ ਦਾ ਦੇਸ਼ ’ਤੇ ਕੀ ਅਸਰ ਪਵੇਗਾ, ਇਸ ਨੂੰ ਸੋਚ ਕੇ ਹੀ ਅੱਗੇ ਵਧਣਾ ਚਾਹੀਦਾ ਹੈ।
*26 ਤੋਂ ਵੱਧ ਮੈਡੀਕਲ ਕਾਲਜ ਹੋ ਗਏ
ਠਾਕੁਰ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਕੋਈ ਸੰਕਲਪ ਲੈ ਕੇ ਆਉਂਦਾ ਹੈ ਕਿ ਸੁਸ਼ਾਸਨ ਲਿਆਵਾਂਗੇ, ਵਿਕਾਸ ਕਰਾਂਗੇ ਤਾਂ ਅਜਿਹਾ ਸਿਰਫ ਭਾਰਤੀ ਜਨਤਾ ਪਾਰਟੀ ਕਰਦੀ ਹੈ। ਮੱਧ ਪ੍ਰਦੇਸ਼ ਵਿਚ ਪਹਿਲਾਂ ਸਿਰਫ 4-5 ਮੈਡੀਕਲ ਕਾਲਜ ਸਨ ਅਤੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਸੀ। ਅੱਜ 26 ਤੋਂ ਵੱਧ ਨਵੇਂ ਮੈਡੀਕਲ ਕਾਲਜ ਹਨ। ਇੰਜੀਨੀਅਰਿੰਗ ਕਾਲਜਾਂ ਦੀ ਭਰਮਾਰ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਦਾ ਇੱਥੇ ਆਉਣਾ ਦੱਸਦਾ ਹੈ ਕਿ ਮੱਧ ਪ੍ਰਦੇਸ਼ ਨਿਵੇਸ਼, ਰੋਜ਼ਗਾਰ ਤੇ ਖੇਤੀਬਾੜੀ ਲਈ ਇਕ ਬਹੁਤ ਵੱਡਾ ਆਕਰਸ਼ਣ ਬਣਿਆ ਹੈ। ਇਸ ਦੇ 2 ਕਾਰਨ ਹਨ, ਇਕ ਈਮਾਨਦਾਰ ਸਰਕਾਰ ਅਤੇ ਦੂਜਾ ਜੋ ਬੁਨਿਆਦੀ ਢਾਂਚਾ ਇੱਥੇ ਪਿਛਲੇ ਕੁਝ ਸਾਲਾਂ ਵਿਚ ਵਿਕਸਿਤ ਹੋਇਆ ਹੈ।
*ਮੱਧ ਪ੍ਰਦੇਸ਼ ਹੁਣ ਰੁਕਣਾ ਨਹੀਂ ਚਾਹੁੰਦਾ
ਭਾਜਪਾ ਨੇਤਾ ਨੇ ਕਿਹਾ ਕਿ ਮੱਧ ਪ੍ਰਦੇਸ਼ ਹੁਣ ਰੁਕਣਾ ਨਹੀਂ ਚਾਹੁੰਦਾ। ਜਨਤਾ ਨੂੰ ਪਤਾ ਹੈ ਕਿ ਭਾਜਪਾ ਦੀ ਸਰਕਾਰ ਵਿਚ ਇਹ ਸੂਬਾ ਤੇਜ਼ੀ ਨਾਲ ਅੱਗੇ ਵਧਿਆ ਹੈ। ਕਾਂਗਰਸ ਦੇ ਰਾਜ ਵਾਲੇ ਸੂਬਿਆਂ ਵਿਚ ਭ੍ਰਿਸ਼ਟਾਚਾਰ ਵਧਿਆ ਹੈ। ਮਹਾਦੇਵ ਐਪ ਰਾਹੀਂ ਰੁਪਏ ਦੇਣ ਦੇ ਦੋਸ਼ ਸਿੱਧਾ ਕਾਂਗਰਸ ਦੇ ਮੁੱਖ ਮੰਤਰੀ ’ਤੇ ਲੱਗੇ ਹਨ। ਸ਼ਰਾਬ ਘਪਲਾ, ਕੋਲਾ ਘਪਲਾ, ਘਪਲੇ ’ਤੇ ਘਪਲਾ, ਪੇਪਰ ਲੀਕ। ਇਹ ਸਭ ਕੁਝ ਕਿਵੇਂ ਹੋਇਆ? ਇਸ ਵਿਚ ਕਾਂਗਰਸ ਦੇ ਪਰਿਵਾਰ ਦੇ ਲੋਕਾਂ ਨੂੰ ਨੌਕਰੀਆਂ ਕਿਵੇਂ ਮਿਲੀਆਂ? ਇਹ ਸਭ ਵੋਟਰ ਚੰਗੀ ਤਰ੍ਹਾਂ ਸਮਝਦੇ ਹਨ।