ਕਰਨਾਟਕ 'ਚ ਕਾਂਗਰਸ ਨੂੰ ਰੁਝਾਨਾਂ 'ਚ ਮਿਲੀ ਬੜ੍ਹਤ, ਨਵਜੋਤ ਸਿੱਧੂ ਨੇ ਟਵੀਟ ਕਰ ਆਖ਼ੀ ਇਹ ਗੱਲ
Saturday, May 13, 2023 - 01:31 PM (IST)

ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ 'ਚ ਕਾਂਗਰਸ ਨੂੰ ਬੜ੍ਹਤ ਹਾਸਲ ਹੋਈ ਹੈ। ਜਿਸ ਤੋਂ ਖੁਸ਼ ਹੋ ਕੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨਾ ਅਤੇ 40 ਫੀਸਦੀ ਸਰਕਾਰ ਕਰਨਾਟਕ 'ਚ ਕਾਂਗਰਸ ਦੀ ਜਿੱਤ ਦੇ ਪ੍ਰੇਰਕ ਕਾਰਕ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਕਰਨਾਟਕ ਚੋਣ ਸੂਬੇ 'ਚ ਭ੍ਰਿਸ਼ਟਾਚਾਰ ਅਤੇ ਕਮਿਸ਼ਨ ਦੀ ਰਾਜਨੀਤੀ ਖ਼ਿਲਾਫ਼ ਇਕ ਫ਼ੈਸਲਾ ਹੈ। ਜਿੱਥੇ ਕੇਂਦਰ ਸਰਕਾਰ ਦੀ ਕਾਰਜਪ੍ਰਣਾਲੀ ਨੂੰ ਲੋਕਤੰਤਰ ਦੀ ਆੜ 'ਚ ਲੁਕਾਇਆ ਗਿਆ ਹੈ। ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨਾ ਅਤੇ 40 ਫੀਸਦੀ ਸਰਕਾਰ ਕਰਨਾਟਕ 'ਚ ਕਾਂਗਰਸ ਦੀ ਜਿੱਤ ਦੇ ਪ੍ਰੇਰਕ ਕਾਰਕ ਹਨ।'' ਉਨ੍ਹਾਂ ਕਿਹਾ ਕਿ ਸਾਡੇ ਨੇਤਾਵਾਂ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਡੀ.ਕੇ. ਸ਼ਿਵ ਕੁਮਾਰ ਅਤੇ ਸਿੱਧਰਮਈਆ ਦੀ ਇਕ ਸਮੂਹਿਕ ਕੋਸ਼ਿਸ਼ ਕਾਰਨ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਜਿਸ ਦੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।
ਦੱਸਣਯੋਗ ਹੈ ਕਿ ਕਰਨਾਟਕ 'ਚ ਵਿਧਾਨ ਸਭਾ ਚੋਣਾਂ ਦੇ ਅੱਜ ਯਾਨੀ ਸ਼ਨੀਵਾਰ ਨੂੰ ਨਤੀਜੇ ਆਉਣੇ ਹਨ। ਜਿਸ ਲਈ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਦੱਸ ਦੇਈਏ ਕਿ ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ 'ਤੇ 10 ਮਈ ਨੂੰ ਵੋਟਾਂ ਪਈਆਂ ਸਨ। ਸੂਬੇ ਵਿਚ 73.19 ਫ਼ੀਸਦੀ ਵੋਟਿੰਗ ਹੋਈ ਸੀ।