ਕਾਂਗਰਸ ਦੀ ਨੀਂਹ ਕਮਜ਼ੋਰ, ਪਾਰਟੀ ਕਦੇ ਵੀ ਟੁੱਟ ਸਕਦੀ ਹੈ : ਆਜ਼ਾਦ

Monday, Aug 29, 2022 - 02:44 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਨੀਂਹ ਕਮਜ਼ੋਰ ਹੋ ਗਈ ਹੈ ਅਤੇ ਇਹ ਕਦੇ ਵੀ ਟੁੱਟ ਸਕਦੀ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ‘ਬੀਮਾਰ’ ਕਾਂਗਰਸੀ ਡਾਕਟਰ ਤੋਂ ਨਹੀਂ ਸਗੋਂ ‘ਕੰਪਾਊਂਡਰ’ ਤੋਂ ਦਵਾਈ ਲੈ ਰਹੇ ਹਨ। 

ਆਜ਼ਾਦ ਨੇ ਕਿਹਾ, ''ਕਾਂਗਰਸ ਲੀਡਰਸ਼ਿਪ ਕੋਲ ਚੀਜ਼ਾਂ ਨੂੰ ਠੀਕ ਕਰਨ ਦਾ ਸਮਾਂ ਨਹੀਂ ਹੈ। ਸੂਬਿਆਂ 'ਚ ਉਸ ਦੇ ਨੇਤਾ ਪਾਰਟੀ ਦੇ ਮੈਂਬਰਾਂ ਨੂੰ ਇਕਜੁੱਟ ਰੱਖਣ ਦੀ ਬਜਾਏ ਉਨ੍ਹਾਂ ਨੂੰ ਜਾਣ ਦੇ ਰਹੇ ਹਨ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ ’ਚ ਹੋਣ ਦੇ ਦੋਸ਼ ਨੂੰ ਲੈ ਕੇ ਆਜ਼ਾਦ ਨੇ ਰਾਹੁਲ ਗਾਂਧੀ 'ਤੇ ਅਸਿੱਧੇ ਤੌਰ ’ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ, ''ਜੋ ਲੋਕ ਸੰਸਦ ’ਚ ਭਾਸ਼ਣ ਦੇ ਕੇ ਉਨ੍ਹਾਂ ਨੂੰ ਜੱਫੀ ਪਾਉਂਦੇ ਹਨ, ਉਹ ਮਿਲੇ ਹਨ ਜਾਂ ਨਹੀਂ?'' 

ਜੈਰਾਮ ਰਮੇਸ਼ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਉਨ੍ਹਾਂ ਕਿਹਾ, ''ਪਹਿਲਾਂ ਆਪਣਾ DNA ਟੈਸਟ ਕਰਵਾਓ। ਉਹ ਤਾਂ ਪਹਿਲਾਂ ਫਰੀਲਾਂਸਰ ਸਨ, ਉਹ ਦੱਸਣ ਪਹਿਲਾਂ ਕਿਸ ਸਰਕਾਰ ਦੇ ਮੁਲਾਜ਼ਮ ਸਨ। ਉਹ ਸਾਡੀ ਪਾਰਟੀ ਵਿਚ ਨਹੀਂ ਸਨ। ਪਹਿਲਾਂ ਉਹ ਆਪਣੀ ਜਾਂਚ ਕਰਵਾਉਣ ਕਿ ਉਨ੍ਹਾਂ ਦਾ  DNA ਕਿਸ ਪਾਰਟੀ ਦਾ ਹੈ।'' ਆਜ਼ਾਦ ਨੇ ਕਿਹਾ, ''ਸਭ ਤੋਂ ਜ਼ਿਆਦਾ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਬਾਹਰਲੇ ਹਨ, ਚਾਪਲੂਸੀ ਕਰਨ ਵਾਲੇ ਹਨ ਅਤੇ ਉਨ੍ਹਾਂ ਨੂੰ ਅਹੁਦੇ ਮਿਲੇ ਹਨ।''


Tanu

Content Editor

Related News