ਸਥਾਪਨਾ ਦਿਵਸ ’ਤੇ ਲਹਿਰਾਏ ਜਾਣ ਤੋਂ ਪਹਿਲਾਂ ਸਤੰਭ ਤੋਂ ਡਿੱਗਿਆ ਕਾਂਗਰਸ ਦਾ ਝੰਡਾ
Tuesday, Dec 28, 2021 - 01:18 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ 137ਵੇਂ ਸਥਾਪਨਾ ਦਿਵਸ ’ਤੇ ਮੰਗਲਵਾਰ ਸਵੇਰੇ ਅਖਿਲ ਭਾਰਤੀ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਹੈੱਡਕੁਆਰਟਰ ’ਚ ਪਾਰਟੀ ਦਾ ਝੰਡਾ ਉਦੋਂ ਸਤੰਭ ਤੋਂ ਡਿੱਗ ਗਿਆ, ਜਦੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਨੂੰ ਲਹਿਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਸੋਨੀਆ ਗਾਂਧੀ, ਪਾਰਟੀ ਦੇ ਖਜ਼ਾਨਚੀ ਪਵਨ ਬੰਸਲ ਅਤੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਤੁਰੰਤ ਹੀ ਝੰਡਾ ਆਪਣੇ ਹੱਥਾਂ ’ਚ ਫੜ ਲਿਆ। ਬਾਅਦ ਵਿਚ ਕਾਂਗਰਸ ਦਾ ਇਕ ਵਰਕਰ ਝੰਡਾ ਲਗਾਉਣ ਲਈ ਸਤੰਭ ’ਤੇ ਚੜਿ੍ਹਆ ਅਤੇ ਸੋਨੀਆ ਗਾਂਧੀ ਨੇ ਝੰਡਾ ਲਹਿਰਾਇਆ। ਪਾਰਟੀ ਹੈੱਡਕੁਆਰਟਰ ’ਚ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ, ਪਿ੍ਰਯੰਕਾ ਗਾਂਧੀ ਵਾਡਰਾ, ਮਲਿਕਾਅਰਜੁਨ ਖੜਗੇ ਅਤੇ ਹੋਰ ਲੋਕ ਹਾਜ਼ਰ ਸਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਘਟਨਾ ਤੋਂ ਕਾਫੀ ਪਰੇਸ਼ਾਨ ਨਜ਼ਰ ਆਈ ਅਤੇ ਦੂਜੀ ਵਾਰ ਝੰਡਾ ਲਹਿਰਾਉਣ ਦੀ ਤਿਆਰੀ ਤੋਂ ਪਹਿਲਾਂ ਉਹ ਇਕ ਵਰਕਰ ਤੋਂ ਇਹ ਪੁੱਛਦੇ ਹੋਏ ਨਜ਼ਰ ਆਈ ਕਿ ਇਸ ਵਾਰ ਝੰਡਾ ਠੀਕ ਨਾਲ ਲਾਇਆ ਗਿਆ ਹੈ ਜਾਂ ਨਹੀਂ। ਪਾਰਟੀ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਕਾਂਗਰਸ ਅਗਵਾਈ ਨੇ ਘਟਨਾ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਸਮਾਰੋਹ ਦੇ ਆਯੋਜਨ ਦੇ ਇੰਚਾਰਜ ਲੋਕਾਂ ਨੂੰ ਭਵਿੱਖ ਵਿਚ ਹੋਰ ਵੱਧ ਸਾਵਧਾਨ ਰਹਿਣ ਨੂੰ ਕਿਹਾ। ਕਾਂਗਰਸ ਪ੍ਰਬੰਧਕਾਂ ਨੇ ਆਮ ਤੌਰ ’ਤੇ ਪਾਰਟੀ ਹੈੱਡਕੁਆਰਟਰ ਵਿਚ ਨਜ਼ਰ ਆਉਣ ਵਾਲੇ ਛੋਟੇ ਝੰਡਾ ਸਤੰਭ ਦੀ ਬਜਾਏ ਇਸ ਵਾਰ ਸਟੀਲ ਦਾ ਇਕ ਉੱਚਾ ਸਤੰਭ ਲਾਇਆ ਸੀ।