‘ਆਪ’ ਵਲੋਂ ਹਰਿਆਣਾ ’ਚ ਵੱਖ ਚੋਣ ਲੜਨ ਨਾਲ ਕਾਂਗਰਸ ਨੂੰ ਹੋ ਸਕਦਾ ਹੈ ਲਾਭ

Tuesday, Jul 23, 2024 - 11:05 AM (IST)

ਨੈਸ਼ਨਲ ਡੈਸਕ- ਆਮ ਆਦਮੀ ਪਾਰਟੀ (ਆਪ) ਵੱਲੋਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਇਕੱਲਿਆਂ ਲੜਨ ਦੇ ਫੈਸਲੇ ਤੋਂ ਕਾਂਗਰਸ ਲੀਡਰਸ਼ਿਪ ਬਿਲਕੁਲ ਚਿੰਤਤ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਕਾਂਗਰਸ ਲੀਡਰਸ਼ਿਪ ਦਾ ਮੁਲਾਂਕਣ ਹੈ ਕਿ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸ਼ਹਿਰੀ ਖੇਤਰਾਂ ’ਚ ਭਾਜਪਾ ਦੇ ਵੋਟ ਬੈਂਕ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾ ਸਕਦੀ ਹੈ। ‘ਆਪ’ ਨੇ ਲੋਕ ਸਭਾ ਦੀਆਂ ਚੋਣਾਂ ’ਚ ਕਾਂਗਰਸ ਨਾਲ ਸਮਝੌਤਾ ਕੀਤਾ ਸੀ ਤੇ ਸਿਰਫ ਇਕ ਸੀਟ ਕੁਰੂਕਸ਼ੇਤਰ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ। ਕਾਂਗਰਸ ਨੇ 2019 ’ਚ ਜ਼ੀਰੋ ਦੇ ਮੁਕਾਬਲੇ 2024 ’ਚ ਹਰਿਆਣਾ ’ਚ 5 ਲੋਕ ਸਭਾ ਸੀਟਾਂ ਜਿੱਤੀਆਂ।

ਇਸ ਵਾਰ ਭਾਜਪਾ ਦੀਆਂ ਸੀਟਾਂ ਘੱਟ ਕੇ 5 ਰਹਿ ਗਈਆਂ ਤੇ ਉਸ ਦਾ ਵੋਟ ਸ਼ੇਅਰ 2019 ਦੇ 58.21 ਫੀਸਦੀ ਤੋਂ ਘੱਟ ਕੇ ਇਸ ਸਾਲ 46.11 ਫੀਸਦੀ ਰਹਿ ਗਿਆ। ਕਾਂਗਰਸ ਦਾ ਵੋਟ ਸ਼ੇਅਰ 28.51 ਤੋਂ ਵੱਧ ਕੇ 43.67 ਫੀਸਦੀ ਹੋ ਗਿਆ।ਆਮ ਆਦਮੀ ਪਾਰਟੀ ਜੋ ‘ਇੰਡੀਆ’ ਗੱਠਜੋੜ ਦੀ ਮੈਂਬਰ ਹੈ, ਨੇ 2019 ’ਚ ਆਪਣਾ ਵੋਟ ਸ਼ੇਅਰ 0.36 ਫੀਸਦੀ ਤੋਂ ਵਧਾ ਕੇ 3.94 ਫੀਸਦੀ ਕਰ ਲਿਆ ਜਦਕਿ ਉਸ ਨੇ ਪਿਛਲੀ ਵਾਰ 3 ਸੀਟਾਂ ’ਤੇ ਚੋਣ ਲੜੀ ਸੀ। ਭਾਜਪਾ ਲਈ ਰਾਹਤ ਦੀ ਗੱਲ ਇਹ ਹੈ ਕਿ ਉਸ ਨੇ 90 ਸੀਟਾਂ ’ਚੋਂ 44 ਵਿਧਾਨ ਸਭਾ ਹਲਕਿਆਂ’ 'ਤੇ ਲੀਡ ਹਾਸਲ ਕੀਤੀ, ਜਦਕਿ ਕਾਂਗਰਸ ਨੇ 42 ਸੀਟਾਂ ’ਤੇ ਜਿੱਤ ਹਾਸਲ ਕੀਤੀ। ‘ਆਪ’ 4 ਸੀਟਾਂ ’ਤੇ ਅੱਗੇ ਰਹੀ।

ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ‘ਆਪ’ ਭਾਜਪਾ ਦੀਆਂ ਗੈਰ-ਜਾਟ ਵੋਟਾਂ ਨੂੰ ਖੋਰਾ ਲਾ ਦੇਵੇਗੀ। ਕਾਂਗਰਸ ਜਾਟ ਵੋਟਾਂ ਅਤੇ ਕੁਝ ਹੱਦ ਤੱਕ ਦਲਿਤਾਂ ਤੇ ਹੋਰ ਜਾਤੀਆਂ ’ਤੇ ਨਿਰਭਰ ਹੈ। ਇਨੈਲੋ ਅਤੇ ਦੁਸ਼ਯੰਤ ਚੌਟਾਲਾ (ਜੇ. ਜੇ. ਪੀ.) ਦੀ ਅਗਵਾਈ ਵਾਲੀ ਪਾਰਟੀ ਇਸ ਵਾਰ ਕੋਈ ਵੀ ਸੀਟ ਨਹੀਂ ਜਿੱਤ ਸਕੀ। ਉਨ੍ਹਾਂ ਦਾ ਵੋਟ ਸ਼ੇਅਰ ਕ੍ਰਮਵਾਰ 1.74 ਅਤੇ 0.8 ਫੀਸਦੀ ਰਿਹਾ। ਸੰਭਵ ਹੈ ਕਿ ਉਹ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਜਾਟ ਵੋਟਾਂ ਦੇ ਬੈਂਕ ’ਚ ਕੋਈ ਸੰਨ੍ਹ ਨਾ ਲਾ ਸਕਣ। ਇਸ ਵਾਰ ਲੋਕ ਸਭਾ ਦੀਆਂ ਚੋਣਾਂ ’ਚ ਪਾਰਟੀ ਕਿਸੇ ਵੀ ਵਿਧਾਨ ਸਭਾ ਸੀਟ 'ਤੇ ਲੀਡ ਨਹੀਂ ਲੈ ਸਕੀ।


Tanu

Content Editor

Related News