ਨਹੀਂ ਚੱਲਿਆ '72 ਹਜ਼ਾਰ', ਭਾਰੀ ਪਿਆ 'ਚੌਕੀਦਾਰ'

Friday, May 24, 2019 - 09:58 AM (IST)

ਨਹੀਂ ਚੱਲਿਆ '72 ਹਜ਼ਾਰ', ਭਾਰੀ ਪਿਆ 'ਚੌਕੀਦਾਰ'

ਨਵੀਂ ਦਿੱਲੀ— ਕਾਂਗਰਸ 'ਗਰੀਬੀ ਪਰ ਵਾਰ, 72 ਹਜ਼ਾਰ' ਦੇ ਨਾਅਰੇ ਦੇ ਨਾਲ ਇਸ ਲੋਕ ਸਭਾ ਚੋਣ ਵਿਚ ਭਾਜਪਾ ਨੂੰ ਮਾਤ ਦੇਣ ਦੀ ਰਣਨੀਤੀ ਨਾਲ ਉਤਰੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਚੌਕੀਦਾਰ' ਮੁਹਿੰਮ, ਬਾਲਾਕੋਟ ਏਅਰ ਸਟ੍ਰਾਈਕ, ਰਾਸ਼ਟਰਵਾਦ, ਰਾਸ਼ਟਰੀ ਸੁਰੱਖਿਆ ਅਤੇ ਜਨ ਕਲਿਆਣ ਨਾਲ ਜੁੜੀਆਂ ਯੋਜਨਾਵਾਂ ਦੇ ਹਮਲਾਵਰ ਪ੍ਰਚਾਰ ਦੇ ਅੱਗੇ ਢੇਰ ਹੋ ਗਈ। ਇਸ ਚੋਣ ਵਿਚ ਮੁੱਖ ਵਿਰੋਧੀ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਸਥਿਤੀ ਇਹ ਹੈ ਕਿ ਉਹ 2014 ਦੇ ਆਪਣੇ 44 ਸੀਟਾਂ ਦੇ ਅੰਕੜਿਆਂ ਵਿਚ ਸਿਰਫ ਕੁਝ ਸੀਟਾਂ ਦਾ ਵਾਧਾ ਕਰ ਸਕੀ।

ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਦੌਰਾਨ ਵੀ ਕਈ ਜਾਣਕਾਰਾਂ ਦਾ ਇਹ ਕਹਿਣਾ ਸੀ ਕਿ ਜੇ ਕਾਂਗਰਸ ਸੀਟਾਂ ਦਾ ਸੈਂਕੜਾ ਵੀ ਲਗਾ ਲੈਂਦੀ ਹੈ ਤਾਂ ਉਹ ਉਸ ਦੇ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਲਈ ਸਹਿਜ ਸਥਿਤੀ ਹੋਵੇਗੀ, ਹਾਲਾਂਕਿ ਅਜਿਹਾ ਹੋਇਆ ਨਹੀਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਮੁੱਚੀ ਪਾਰਟੀ ਨੇ ਪ੍ਰਚਾਰ ਮੁਹਿੰਮ ਪ੍ਰਧਾਨ ਮੰਤਰੀ ਮੋਦੀ 'ਤੇ ਕੇਂਦਰਿਤ ਰੱਖਿਆ ਅਤੇ ਰਾਫੇਲ ਜਹਾਜ਼ ਸੌਦੇ ਵਿਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ 'ਚੌਕੀਦਾਰ ਚੋਰ ਹੈ' ਦੀ ਪ੍ਰਚਾਰ ਮੁਹਿੰਮ ਚਲਾਈ ਜਿਸ ਦੇ ਜਵਾਬ ਵਿਚ ਮੋਦੀ ਅਤੇ ਭਾਜਪਾ ਨੇ 'ਮੈਂ ਵੀ ਚੌਕੀਦਾਰ' ਮੁਹਿੰਮ ਸ਼ੁਰੂ ਕੀਤੀ। ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ਦੇ ਇਲਾਵਾ 'ਨਿਊਨਤਮ ਆਮਦਨ ਗਾਰੰਟੀ' (ਨਿਆਯ) ਯੋਜਨਾ ਨੂੰ ਮਾਸਟਰ ਸਟ੍ਰੋਕ ਦੇ ਤੌਰ 'ਤੇ ਪੇਸ਼ ਕੀਤਾ। ਪਾਰਟੀ ਨੂੰ ਉਮੀਦ ਸੀ ਕਿ ਗਰੀਬਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਉਸ ਦਾ ਵਾਅਦਾ ਭਾਜਪਾ ਦੇ ਰਾਸ਼ਟਰਵਾਦ ਵਾਲੇ ਵਿਚਾਰ ਨੂੰ ਨਕਾਰ ਦੇਵੇਗਾ ਜਦੋਂ ਕਿ ਅਸਲੀਅਤ ਵਿਚ ਅਜਿਹਾ ਨਹੀਂ ਹੋਇਆ।

ਕਾਂਗਰਸ ਲਈ ਭਾਰੀ ਪਈ 'ਨਾਕਾਰਾਤਮਕ' ਪ੍ਰਚਾਰ ਮੁਹਿੰਮ
ਜਾਣਕਾਰਾਂ ਦਾ ਮੰਨਣਾ ਹੈ ਕਿ ਕਾਂਗਰਸ ਦੀ 'ਨਾਕਾਰਾਤਮਕ' ਪ੍ਰਚਾਰ ਮੁਹਿੰਮ ਦੇ ਨਾਲ ਪਾਰਟੀ ਅਤੇ ਵਿਰੋਧੀ ਧਿਰ ਗਠਜੋੜ ਵਲੋਂ ਲੀਡਰਸ਼ਿਪ ਦਾ ਸਪੱਸ਼ਟ ਨਾ ਹੋਣਾ ਵੀ ਭਾਰੀ ਪਿਆ। ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਦੇ ਹੋਏ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਅਹੁਦੇ ਅਤੇ ਵਿਰੋਧੀ ਧਿਰ ਵਲੋਂ ਲੀਡਰਸ਼ਿਪ ਦੇ ਸਵਾਲ ਨੂੰ ਵੀ ਸਿੱਧੇ ਤੇ ਅਸਿੱਧੇ ਤੌਰ 'ਤੇ ਟਾਲਦੇ ਰਹੇ। ਉਹ ਵਾਰ-ਵਾਰ ਇਹੀ ਕਹਿੰਦੇ ਰਹੇ ਕਿ ਜਨਤਾ ਮਾਲਕ ਹੈ ਅਤੇ ਉਸ ਦਾ ਫੈਸਲਾ ਸਵੀਕਾਰ ਕੀਤਾ ਜਾਵੇਗਾ। ਕਾਂਗਰਸ 2014 ਦੀਆਂ ਆਮ ਚੋਣਾਂ ਵਿਚ 44 ਸੀਟਾਂ 'ਤੇ ਸਿਮਟ ਗਈ ਸੀ। ਇਹ ਪਾਰਟੀ ਦਾ ਹੁਣ ਤਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ। ਇਸ ਤੋਂ ਬਾਅਦ ਪਿਛਲੇ 5 ਸਾਲਾਂ ਦੇ ਸਫਰ ਵਿਚ ਕਾਂਗਰਸ ਨੇ ਕਈ ਹਾਰਾਂ ਦਾ ਸਾਹਮਣਾ ਕੀਤਾ ਪਰ ਪਿਛਲੇ ਸਾਲ ਨਵੰਬਰ-ਦਸੰਬਰ ਵਿਚ 3 ਸੂਬਿਆਂ-ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਦੀ ਜਿੱਤ ਨੇ ਪਾਰਟੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਤਾਕਤ ਦੇਣ ਦਾ ਕੰਮ ਕੀਤਾ। ਇਹ ਗੱਲ ਵੱਖਰੀ ਹੈ ਕਿ ਪਾਰਟੀ ਹਵਾ ਦੇ ਇਸ ਰੁਖ਼ ਨੂੰ ਬਰਕਰਾਰ ਨਹੀਂ ਰੱਖ ਸਕੀ।


author

DIsha

Content Editor

Related News