ਕਾਂਗਰਸ ਤੇ ਭਾਜਪਾ ਸਰਕਾਰਾਂ ਨੇ ਹਿਮਾਚਲ ਨੂੰ ਲੁੱਟਿਆ : ਕੇਜਰੀਵਾਲ
Friday, Nov 04, 2022 - 12:23 PM (IST)
ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਚ ਰੋਡ ਸ਼ੋਅ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਅਤੇ ਭਾਜਪਾ ’ਤੇ ਖੂਬ ਨਿਸ਼ਾਨਾ ਲਾਇਆ। ਕੇਜਰੀਵਾਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਨੇ ਖੂਬ ਲੁੱਟਿਆ ਹੈ।
5 ਸਾਲ ਕਾਂਗਰਸ ਵਾਲੇ ਲੁੱਟਦੇ ਰਹੇ ਅਤੇ 5 ਸਾਲ ਭਾਜਪਾ ਵਾਲੇ ਲੁੱਟਦੇ ਰਹੇ ਹਨ। ਹੁਣ ਉਪਰ ਵਾਲੇ ਦੀ ਕ੍ਰਿਪਾ ਨਾਲ ਹਿਮਾਚਲ ਵਿਚ ਇਕ ਈਮਾਨਦਾਰ ਆਮ ਆਦਮੀ ਪਾਰਟੀ ਆਈ ਹੈ, ਜਿਸ ਨੂੰ ਦਿੱਲੀ ਵਾਲਿਆਂ ਨੇ ਅਜ਼ਮਾ ਕੇ ਦੇਖਿਆ ਹੈ। ਦਿੱਲੀ ਵਾਲਿਆਂ ਨੂੰ ਆਮ ਆਦਮੀ ਪਾਰਟੀ ਨਾਲ ਪਿਆਰ ਹੋ ਗਿਆ ਕਿ ਉਹ ਵਾਰ-ਵਾਰ ਆਮ ਆਦਮੀ ਪਾਰਟੀ ਨੂੰ ਜਿਤਾ ਰਹੇ ਹਨ। ਦਿੱਲੀ ਵਿਚ ਕਾਂਗਰਸ ਦੀ ਜ਼ੀਰੋ ਸੀਟ ਆਈ ਹੈ ਅਤੇ ਭਾਜਪਾ ਦੀਆਂ ਪਹਿਲੀ ਵਾਰ 3 ਸੀਟਾਂ ਆਈਆਂ ਅਤੇ ਉਸ ਤੋਂ ਬਾਅਦ 8 ਸੀਟਾਂ ਹੀ ਆਈਆਂ। ਦਿੱਲੀ ਵਾਲਿਆਂ ਨੂੰ ਆਮ ਆਦਮੀ ਪਾਰਟੀ ’ਤੇ ਭਰੋਸਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਵਾਲਿਆਂ ਨੂੰ ਕਿਹਾ ਕਿ ਜੇਕਰ ਕੰਮ ਕੀਤਾ ਹੈ ਤਾਂ ਵੋਟ ਦੇਣਾ, ਨਹੀਂ ਕੀਤਾ ਤਾਂ ਨਾ ਦੇਣਾ। ਹਿਮਾਚਲ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਵੇ। ਦੋਬਾਰਾ ਅਸੀਂ ਵੋਟਾਂ ਨਹੀਂ ਮੰਗਾਂਗੇ।
ਰੋਡ ਸ਼ੋਅ ’ਚ ਹੱਥੋਪਾਈ
ਸੋਲਨ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਦੌਰਾਨ ਖੂਬ ਕੁੱਟਮਾਰ ਹੋਈ। ਦਰਅਸਲ ਇਥੇ ਪੰਜਾਬ ਤੋਂ ਈ. ਟੀ. ਟੀ. ਦੇ ਅਧਿਆਪਕ ਕੇਜਰੀਵਾਲ ਤੋਂ ਇਨਸਾਫ ਮੰਗਣ ਲਈ ਪੁੱਜੇ ਅਤੇ ਇਸ ਦੌਰਾਨ ਉਨ੍ਹਾਂ ਰੈਲੀ ਦੇ ਵਿਚ ਹੀ ਪੈਂਫਲੇਟ ਵੰਡਣੇ ਸ਼ੁਰੂ ਕੀਤੇ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅਧਿਆਪਕਾਂ ਨੂੰ ਰੈਲੀ ਦਰਮਿਆਨ ਪੈਂਫਲੇਟ ਨਾ ਵੰਡਣ ਨੂੰ ਕਿਹਾ। ਦੇਖਦੇ ਹੀ ਦੇਖਦੇ ਮਾਮਲਾ ਵਿਗੜ ਗਿਆ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਮਾਮਲਾ ਵਿਗੜਦਾ ਦੇਖ ਮੌਕੇ ’ਤੇ ਮੌਜੂਦ ਪੁਲਸ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਬਚਾਅ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਈ. ਟੀ. ਟੀ. ਅਧਿਆਪਕਾਂ ਦਰਮਿਆਨ ਹੱਥੋਪਾਈ ਦੌਰਾਨ ਇਕ ਵਿਅਕਤੀ ਦੇ ਕੱਪੜੇ ਤੱਕ ਫਟ ਗਏ। ਇਸ ਤੋਂ ਬਾਅਦ ਤੁਰੰਤ ਹੀ ਪੁਲਸ ਨੇ ਅਧਿਆਪਕਾਂ ਨੂੰ ਸ਼ਹਿਰ ਪੁਲਸ ਚੌਕੀ ਪਹੁੰਚਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।