ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਅਮਿਤ ਸ਼ਾਹ ਨੇ ਦੱਸੀ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਦੀ ਤਾਰੀਖ਼

Thursday, Jan 05, 2023 - 08:22 PM (IST)

ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਅਮਿਤ ਸ਼ਾਹ ਨੇ ਦੱਸੀ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਦੀ ਤਾਰੀਖ਼

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਬਣ ਰਹੇ ਰਾਮ ਮੰਦਰ ਦਾ ਉਦਘਾਟਨ 1 ਜਨਵਰੀ 2024 ਨੂੰ ਕੀਤਾ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖ਼ਾਸ ਗੱਲ ਇਹ ਹੈ ਕਿ 2024 'ਚ ਹੀ ਦੇਸ਼ 'ਚ ਲੋਕ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਰਾਮ ਮੰਦਰ ਦੇ ਉਦਘਾਟਨ ਦੀ ਤਾਰੀਖ਼ ਨੂੰ ਵੀ ਭਾਜਪਾ ਦੀ ਵੋਟ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਿਤ ਸ਼ਾਹ ਨੇ ਰਾਮ ਮੰਦਰ ਦੇ ਨਿਰਮਾਣ ਅਤੇ ਉਸ ਦੇ ਉਦਘਾਟਨ ਦੇ ਐਲਾਨ ਨੂੰ ਲੈ ਕੇ ਕਿਹਾ ਕਿ ਕਾਂਗਰਸ ਨੇ ਅਦਾਲਤਾਂ 'ਚ ਰਾਮ ਮੰਦਰ ਦੇ ਨਿਰਮਾਣ 'ਚ ਰੁਕਾਵਟ ਪਾਈ। ਸੁਪਰੀਮ ਕੋਰਟ ਦੇ ਫ਼ੈਸਲਾ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਰ ਦਾ ਨਿਰਮਾਣ ਸ਼ੁਰੂ ਕੀਤਾ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ 'ਚ 5 ਅਗਸਤ 2020 ਨੂੰ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ (ਰਾਮ ਮੰਦਰ ਭੂਮੀ ਪੂਜਨ) ਕੀਤਾ ਅਤੇ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਸੁਪਰੀਮ ਕੋਰਟ 2019 'ਚ ਦਹਾਕਿਆਂ ਪੁਰਾਣੇ ਮੁੱਦੇ ਦਾ ਹੱਲ ਕਰਦੇ ਹੋਏ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ਼ ਕੀਤਾ ਸੀ। ਮੰਦਰ ਦੀ ਉਸਾਰੀ ਦਾ ਨੀਂਹ ਰੱਖੇ ਜਾਣ ਦੇ ਨਾਲ ਹੀ ਰਾਮ ਮੰਦਰ ਲਈ ਚਲਾਇਆ ਗਿਆ ਭਾਜਪਾ ਦਾ ਅੰਦੋਲਨ ਫਲਦਾਇਕ ਹੋ ਗਿਆ, ਜਿਸ ਨੇ ਭਗਵਾ ਦਲ ਨੂੰ ਸੱਤਾ ਦੇ ਸਿਖਰ ਤੱਕ ਪਹੁੰਚਾ ਦਿੱਤਾ ਸੀ। ਭੂਮੀ ਪੂਜਨ ਸਮਾਰੋਹ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ ਵੀ ਮੌਜੂਦ ਸਨ।
ਰਾਮ ਮੰਦਰ ਦੇ ਭੂਮੀ ਪੂਜਨ ਕਰਨ ਤੋਂ ਬਾਅਦ ਪੀ.ਐੱਮ ਮੋਦੀ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਸੀ। ਪੀ.ਐੱਮ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੈ ਸੀਆ ਰਾਮ ਦੇ ਨਾਅਰੇ ਅੱਜ ਸਿਰਫ਼ ਅਯੁੱਧਿਆ 'ਚ ਨਹੀਂ ਸਗੋਂ ਪੂਰੀ ਦੁਨੀਆ 'ਚ ਗੂੰਜ ਰਹੇ ਹਨ। ਇਹ ਮੇਰੀ ਚੰਗੀ ਕਿਸਮਤ ਹੈ ਕਿ ਰਾਮ ਭੂਮੀ ਟਰੱਸਟ ਨੇ ਮੈਨੂੰ ਸੱਦਾ ਦਿੱਤਾ ਅਤੇ ਇਸ ਮੌਕੇ 'ਤੇ ਗਵਾਹੀ ਦੇਣ ਦਾ ਮੌਕਾ ਦਿੱਤਾ। ਪੀ.ਐੱਮ ਮੋਦੀ ਨੇ ਕਿਹਾ ਸੀ ਕਿ ਸਰਯੂ ਦੇ ਕਿਨਾਰੇ ਅੱਜ ਇੱਕ ਸੁਨਹਿਰੀ ਅਧਿਆਏ ਲਿਖਿਆ ਜਾ ਰਿਹਾ ਹੈ। ਅੱਜ ਪੂਰੇ ਭਾਰਤ ਨੂੰ ਮੁਬਾਰਕ ਹੈ। ਪੂਰਾ ਦੇਸ਼ ਰੋਮਾਂਚਿਤ ਹੈ। ਹਰ ਮਨ ਉਜਲਾ ਹੈ। ਅੱਜ ਪੂਰਾ ਭਾਰਤ ਭਾਵੁਕ ਹੈ। ਸਦੀਆਂ ਦਾ ਇੰਤਜ਼ਾਰ ਅੱਜ ਖਤਮ ਹੋ ਰਿਹਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News