ਕਾਂਗਰਸ ਦੇ ਕਈ ਬੈਂਕ ਖਾਤੇ, ‘ਅਟੈਚ’ ਸਿਰਫ 3-4 ਹੀ ਹੋਏ : ਭਾਜਪਾ
Sunday, Mar 24, 2024 - 12:57 PM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਕਿਹਾ ਕਿ ਕਾਂਗਰਸ ਦੇ ਬਹੁਤ ਸਾਰੇ ਬੈਂਕ ਖਾਤੇ ਹਨ ਪਰ ਉਨ੍ਹਾਂ ’ਚੋਂ ਸਿਰਫ਼ 3-4 ਹੀ ਬਕਾਇਆ ਟੈਕਸ ਨਾ ਦੇਣ ਕਾਰਨ ‘ਅਟੈਚ’ ਕੀਤੇ ਗਏ ਹਨ। ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ‘ਫ੍ਰੀਜ਼’ ਕਰ ਦਿੱਤਾ ਗਿਆ ਹੈ।
ਭਾਜਪਾ ਨੇ ਕਾਂਗਰਸ ’ਤੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਆਪਣੀ ਹਾਰ ਨੂੰ ਨੇੜੇ ਵੇਖਦੇ ਹੋਏ ਇਸ ਮੁੱਦੇ ’ਤੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਹੈ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਨ੍ਹਾਂ ਬੈਂਕ ਖਾਤਿਆਂ ਨੂੰ ‘ਫ੍ਰੀਜ਼’ ਨਹੀਂ ਕੀਤਾ ਗਿਆ ਭਾਵ ਲੈਣ-ਦੇਣ ’ਤੇ ਪੂਰੀ ਰੋਕ ਨਹੀਂ ਲਾਈ ਗਈ । ਇਹ ਚਾਲੂ ਹਨ। ਕਾਂਗਰਸੀ ਇਨ੍ਹਾਂ ਖਾਤਿਆਂ ’ਚ 125 ਕਰੋੜ ਰੁਪਏ ਛੱਡ ਕੇ ਬਾਕੀ ਪੈਸੇ ਕਢਵਾ ਸਕਦੇ ਹਨ ਤੇ ਜਮ੍ਹਾਂ ਵੀ ਕਰਵਾ ਸਕਦੇ ਹਨ। ਇਨਕਮ ਟੈਕਸ ਵਿਭਾਗ ਨੇ ਇਨਕਮ ਟੈਕਸ ਨਿਯਮਾਂ ਅਧੀਨ 125 ਕਰੋੜ ਰੁਪਏ ਦੀ ਰਕਮ ਟੈਕਸ ਬਕਾਇਆ ਦਾ ਭੁਗਤਾਨ ਨਾ ਕਰਨ ਕਾਰਨ ‘ਅਟੈਚ’ ਕੀਤੀ ਹੈ।