UP ; ਮੋਟਰਸਾਈਕਲ ਖੜ੍ਹਾ ਕਰਨ ਪਿੱਛੇ ਚੱਲ ਗਈ ਗੋਲ਼ੀ ! ਪਿੰਡ ਦੇ ਸਾਬਕਾ ਮੁਖੀ ਦਾ ਕਤਲ
Monday, Nov 24, 2025 - 04:29 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਤਾਪਗੜ੍ਹ 'ਚ ਪੈਂਦੇ ਕੁੰਡਾ ਥਾਣਾ ਖੇਤਰ ਦੇ ਸਰਿਆਵਾ ਪਿੰਡ ’ਚ ਸ਼ਨੀਵਾਰ ਦੇਰ ਰਾਤ ਬਾਈਕ ਹਟਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਪਿੰਡ ਦੇ ਸਾਬਕਾ ਮੁਖੀ ਗੁੱਡੂ ਦੇ 2 ਪੁੱਤਰਾਂ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ।
ਇਸ ਫਾਇਰਿੰਗ ਦੌਰਾਨ ਗੁੱਡੂ ਛੋਟੇ ਪੁੱਤਰ ਫੁਰਕਾਨ (22) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਵੱਡਾ ਪੁੱਤਰ ਸਾਹਿਲ (25) ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਗੰਭੀਰ ਹਾਲ 'ਚ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪ੍ਰਯਾਗਰਾਜ ਰੈਫਰ ਕਰ ਦਿੱਤਾ ਗਿਆ ਹੈ।
ਦੋਸ਼ ਲਾਇਆ ਜਾ ਰਿਹਾ ਹੈ ਕਿ ਝਗੜੇ ਤੋਂ ਬਾਅਦ ਗੁਆਂਢੀ ਤਨਵੀਰ ਮਿਲਕੀ ਨੇ ਘਰੋਂ ਬੰਦੂਕ ਲਿਆ ਕੇ ਦੋਵਾਂ ਭਰਾਵਾਂ 'ਤੇ ਗੋਲੀ ਚਲਾ ਦਿੱਤੀ। ਮ੍ਰਿਤਕ ਦੇ ਪਰਿਵਾਰ ਨੇ ਸਪਾ ਨੇਤਾ ਤਨਵੀਰ ਤੇ ਉਸ ਦੇ ਭਰਾ ’ਤੇ ਹੱਤਿਆ ਦਾ ਦੋਸ਼ ਲਾਇਆ ਹੈ।
ਵਧੀਕ ਪੁਲਸ ਸੁਪਰਡੈਂਟ ਬ੍ਰਿਜ ਨੰਦਨ ਰਾਏ ਨੇ ਕਿਹਾ ਕਿ ਪੁਲਸ ਨੇ ਤਨਵੀਰ ਤੇ ਸੋਹਰਾਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੀ ਲਾਇਸੈਂਸੀ 12 ਬੋਰ ਦੀ ਡਬਲ-ਬੈਰਲ ਬੰਦੂਕ ਤੇ ਕਾਰਤੂਸ ਬਰਾਮਦ ਕਰ ਲਏ ਗਏ ਹਨ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
