ਕੋਰੋਨਾ ਦੇ ਭਿਆਨਕ ਹਮਲੇ ਕਾਰਣ ਕੁਰਲਾ ਉੱਠੀ ਮਹਾਰਾਸ਼ਟਰ ਅਤੇ ਗੁਜਰਾਤ ਦੀ ਪੁਲਸ ਫੋਰਸ
Saturday, May 23, 2020 - 10:54 PM (IST)
ਮੁੰਬਈ/ਅਹਿਮਦਾਬਾਦ : ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਫਰੰਟਲਾਈਨ ਵਾਰੀਅਰਸ ਵੀ ਵੱਡੇ ਪੱਧਰ 'ਤੇ ਪੀੜਤ ਹੋ ਰਹੇ ਹਨ। ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ 2 ਸੂਬੇ ਮਹਾਰਾਸ਼ਟਰ 'ਚ ਹੁਣੇ ਤੱਕ 1666 ਪੁਲਸ ਕਰਮਚਾਰੀ ਅਤੇ ਗੁਜਰਾਤ 'ਚ 300 ਤੋਂ ਜ਼ਿਆਦਾ ਪੁਲਸ ਕਰਮਚਾਰੀ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 18 ਦਮ ਤੋਡ਼ ਚੁੱਕੇ ਹਨ। ਮੁੰਬਈ ਅਤੇ ਨਾਸਿਕ ਦਿਹਾਤੀ ਦੇ ਪੁਲਸ ਕਰਮਚਾਰੀ ਹਾਲੇ ਤੱਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਮਹਾਮਾਰੀ ਵਿਚਾਲੇ ਡਿਊਟੀ 'ਤੇ ਲੱਗੇ ਪੁਲਸ ਕਰਮਤਾਰੀਆਂ ਦੇ ਪੀੜਤ ਹੋਣ ਦੀ ਵਜ੍ਹਾ ਨਾਲ ਸਮੱਸਿਆ ਵੱਧ ਗਈ ਹੈ। ਹਾਲਾਤ ਇਹ ਹਨ ਕਿ ਲਾਕਡਾਊਨ ਦੇ ਚੌਥੇ ਪੜਾਅ 'ਚ ਸੂਬੇ 'ਚ ਕੇਂਦਰੀ ਹਥਿਆਰਬੰਦ ਪੁਲਸ ਬਲ (ਸੀ. ਏ. ਪੀ. ਐਫ.) ਦੀ 9 'ਚੋਂ 5 ਕੰਪਨੀਆਂ ਮੁੰਬਈ ਅਤੇ ਬਾਕੀ ਹੋਰ ਜ਼ਿਲ੍ਹਿਆਂ 'ਚ ਪਹੁੰਚ ਗਈਆਂ ਹਨ। ਇਹਨਾਂ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਕੇਂਦਰੀ ਉਦਯੋਗਕ ਸੁਰੱਖਿਆ ਫੋਰਸ ਦੀਆਂ ਕੰਪਨੀਆਂ ਸ਼ਾਮਲ ਹਨ।
ਦੂਜੇ ਪਾਸੇ, ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਕੋਵਿਡ-19 ਦੇ ਨਾਲ ਸੂਬੇ ਦੇ ਪੁਲਸ ਫੋਰਸ ਦੇ ਇੱਕ ਹੈਡ-ਕਾਂਸਟੇਬਲ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਸੂਬੇ 'ਚ ਮਰਨ ਵਾਲੇ ਪੁਲਸ ਕਰਮਚਾਰੀਆਂ ਦੀ ਗਿਣਤੀ 2 ਹੋ ਗਈ ਹੈ। ਗੁਜਰਾਤ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਸ਼ਿਵਾਨੰਦ ਝਾ ਨੇ ਦੱਸਿਆ ਕਿ ਸੋਮਵਾਰ ਨੂੰ ਵਾਇਰਸ ਤੋਂ ਪੀੜਤ ਮਿਲੇ 48 ਸਾਲਾ ਹੈਡ-ਕਾਂਸਟੇਬਲ ਦੀ ਸਾਬਰਕਾਂਠਾ ਜ਼ਿਲ੍ਹੇ ਦੇ ਹਿੰਮਤਨਗਰ 'ਚ ਸਥਿਤ ਸਿਵਲ ਹਸਪਤਾਲ 'ਚ ਮੌਤ ਹੋ ਗਈ।
ਸੂਬੇ 'ਚ 300 ਤੋਂ ਜ਼ਿਆਦਾ ਪੀੜਤ ਪੁਲਸ ਕਰਮਚਾਰੀਆਂ 'ਚ ਇੱਕ ਇੰਸਪੈਕਟਰ ਅਤੇ ਇੱਕ ਮਹਿਲਾ ਸਹਾਇਕ ਕਮਿਸ਼ਨਰ ਸ਼ਾਮਲ ਹਨ। 109 ਪੁਲਸ ਕਰਮਚਾਰੀਆਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ 225 ਨੂੰ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਇਸ ਦੌਰਾਨ ਅਹਿਮਦਾਬਾਦ ਸਿਵਲ ਹਸਪਤਾਲ ਦੀ ਇੱਕ ਹੈਡ ਨਰਸ ਦੀ ਮੰਗਲਵਾਰ ਨੂੰ ਕੋਵਿਡ-19 ਇਲਾਜ ਦੌਰਾਨ ਮੌਤ ਹੋ ਗਈ। ਗੁਜਰਾਤ ਸਿਹਤ ਵਿਭਾਗ ਨੇ ਇੱਕ ਬਿਆਨ 'ਚ ਕਿਹਾ ਕਿ ਉਹ ਸਿਵਲ ਹਸਪਤਾਲ 'ਚ ਕੋਵਿਡ-19 ਵਾਰਡ 'ਚ ਡਿਊਟੀ ਦੌਰਾਨ ਕੁੱਝ ਦਿਨ ਪਹਿਲਾਂ ਵਾਇਰਸ ਦੇ ਸੰਪਰਕ 'ਚ ਆਈ ਸੀ।