ਕੰਪਿਊਟਰ ਆਪ੍ਰੇਟਰ ਨੇ ਕੀਤਾ ਵੱਡਾ ਸਕੈਮ, ਤਨਖਾਹ 13 ਹਜ਼ਾਰ ਤੇ ਜਾਇਦਾਦ 21 ਕਰੋੜ ਦੀ

Friday, Dec 27, 2024 - 06:09 AM (IST)

ਕੰਪਿਊਟਰ ਆਪ੍ਰੇਟਰ ਨੇ ਕੀਤਾ ਵੱਡਾ ਸਕੈਮ, ਤਨਖਾਹ 13 ਹਜ਼ਾਰ ਤੇ ਜਾਇਦਾਦ 21 ਕਰੋੜ ਦੀ

ਨਵੀਂ ਦਿੱਲੀ - ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ’ਚ ਇਕ ਠੇਕਾ ਕਰਮਚਾਰੀ ਨੇ 21 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਇਸ ਰਕਮ ਨਾਲ ਉਸ ਨੇ ਆਪਣੀ ਪ੍ਰੇਮਿਕਾ ਨੂੰ ਏਅਰਪੋਰਟ ਰੋਡ ’ਤੇ ਇਕ ਲਗਜ਼ਰੀ ਫਲੈਟ ਖਰੀਦ ਕੇ ਗਿਫਟ ਕਰ ਦਿੱਤਾ। ਆਪਣੇ ਲਈ ਉਸ ਨੇ ਇਕ ਬੀ.ਐੱਮ.ਡਬਲਿਊ. ਕਾਰ ਅਤੇ ਮੋਟਰਸਾਈਕਲ ਖਰੀਦਿਆ।

ਪੁਲਸ ਨੇ ਦੱਸਿਆ ਕਿ 23 ਸਾਲਾ ਹਰਸ਼ਲ ਕੁਮਾਰ ਸੰਭਾਜੀਨਗਰ ਸਪੋਰਟਸ ਕੰਪਲੈਕਸ ’ਚ ਕੰਪਿਊਟਰ ਆਪ੍ਰੇਟਰ ਹੈ। ਉਸ ਦੀ ਤਨਖਾਹ 13 ਹਜ਼ਾਰ ਰੁਪਏ ਹੈ। ਉਸ ਨੇ ਇਸ ਸਾਲ 1 ਜੁਲਾਈ ਤੋਂ 7 ਦਸੰਬਰ ਦਰਮਿਆਨ ਵਿਭਾਗ ਦੇ 21 ਕਰੋੜ 59 ਲੱਖ 38 ਹਜ਼ਾਰ ਰੁਪਏ ਇੰਟਰਨੈੱਟ ਬੈਂਕਿੰਗ ਰਾਹੀਂ 13 ਖਾਤਿਆਂ ’ਚ ਟਰਾਂਸਫਰ ਕੀਤੇ।

ਉਸ ਨੇ ਸਾਥੀ ਕਰਮਚਾਰੀ ਯਸ਼ੋਦਾ ਸ਼ੈੱਟੀ ਅਤੇ ਉਸ ਦੇ ਪਤੀ ਬੀ. ਕੇ. ਜੀਵਨ ਨਾਲ ਮਿਲ ਕੇ ਇਹ ਘਪਲਾ ਕੀਤਾ। ਸੂਬਾ ਸਰਕਾਰ ਨੇ ਸੰਭਾਜੀਨਗਰ ਵਿਚ ਖੇਡ ਕੰਪਲੈਕਸ ਦੇ ਨਿਰਮਾਣ ਲਈ ਪੈਸੇ ਭੇਜੇ ਸਨ। ਸਪੋਰਟਸ ਕੰਪਲੈਕਸ ਦੇ ਨਾਂ ’ਤੇ ਇੰਡੀਅਨ ਬੈਂਕ ’ਚ ਖਾਤਾ ਖੋਲ੍ਹਿਆ ਗਿਆ ਸੀ।

ਇਸ ਖਾਤੇ ਵਿਚ ਲੈਣ-ਦੇਣ ਡਿਪਟੀ ਸਪੋਰਟਸ ਡਾਇਰੈਕਟਰ ਵੱਲੋਂ ਦਸਤਖਤ ਕੀਤੇ ਗਏ ਚੈੱਕਾਂ ਰਾਹੀਂ ਹੁੰਦਾ ਸੀ। ਮੁਲਜ਼ਮ ਹਰਸ਼ਲ, ਯਸ਼ੋਦਾ ਸ਼ੈੱਟੀ ਅਤੇ ਉਸ ਦੇ ਪਤੀ ਬੀ. ਕੇ. ਜੀਵਨ ਨੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਬੈਂਕ ਨੂੰ ਦੇ ਦਿੱਤੇ ਅਤੇ ਇੰਟਰਨੈੱਟ ਬੈਂਕਿੰਗ ਐਕਟੀਵੇਟ ਕਰਨ ਤੋਂ ਬਾਅਦ ਰਕਮ ਆਪਣੇ ਖਾਤਿਆਂ ਵਿਚ ਟਰਾਂਸਫਰ ਕਰਵਾ ਦਿੱਤੀ। ਫਿਲਹਾਲ ਹਰਸ਼ਲ ਫਰਾਰ ਹੈ, ਜਦਕਿ ਯਸ਼ੋਦਾ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Inder Prajapati

Content Editor

Related News