ਗਾਵਾਂ-ਮੱਝਾਂ ਚਰਾਉਣ ''ਤੇ ਸਰਕਾਰ ਦੇਵੇਗੀ ਤਨਖਾਹ, ਇਸ ਸੂਬੇ ਨੇ ਕੱਢੀਆਂ ਨੌਕਰੀਆਂ, ਇੰਨਾ ਮਿਲੇਗਾ ਪੈਸਾ
Thursday, Feb 26, 2026 - 12:49 PM (IST)
ਜੈਪੁਰ- ਰਾਜਸਥਾਨ ਦੀ ਭਜਨਲਾਲ ਸਰਕਾਰ ਨੇ ਗਊ-ਧਨ ਦੀ ਰੱਖਿਆ ਅਤੇ ਪਿੰਡਾਂ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇਕ ਵਿਸ਼ੇਸ਼ ਪਹਿਲ ਕੀਤੀ ਹੈ। ਸਿੱਖਿਆ ਅਤੇ ਪੰਚਾਇਤੀ ਰਾਜ ਮੰਤਰੀ ਮਦਨ ਦਿਲਾਵਰ ਵੱਲੋਂ 'ਪਿੰਡ ਗਵਾਲਾ ਯੋਜਨਾ' (Gaon Gwala Yojana) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਗਾਵਾਂ ਚਰਾਉਣ ਵਾਲੇ ਵਿਅਕਤੀਆਂ ਨੂੰ ਹਰ ਮਹੀਨੇ 10,000 ਰੁਪਏ ਦੀ ਤਨਖਾਹ ਦਿੱਤੀ ਜਾਵੇਗੀ।
ਕੋਟਾ ਤੋਂ ਹੋਈ ਯੋਜਨਾ ਦੀ ਸ਼ੁਰੂਆਤ
ਇਸ ਯੋਜਨਾ ਦਾ ਆਗਾਜ਼ ਕੋਟਾ ਜ਼ਿਲ੍ਹੇ ਦੇ ਰਾਮਗੰਜਮੰਡੀ ਵਿਧਾਨ ਸਭਾ ਖੇਤਰ ਦੇ ਪਿੰਡ ਖੇਡਲੀ (ਚੇਚਟ) ਤੋਂ ਕੀਤਾ ਗਿਆ ਹੈ। ਮੰਤਰੀ ਮਦਨ ਦਿਲਾਵਰ ਨੇ 14 ਨਵ-ਨਿਯੁਕਤ ਗਵਾਲਿਆਂ ਦਾ ਮਾਲਾ ਅਤੇ ਸਾਫ਼ਾ ਪਹਿਨਾ ਕੇ ਸ਼ਾਹੀ ਸਵਾਗਤ ਕੀਤਾ। ਇਸ ਮੌਕੇ ਸ਼੍ਰੀਰਾਮ ਸਨੇਹੀ ਸੰਪਰਦਾ ਦੇ ਜਗਤਗੁਰੂ ਸਵਾਮੀ ਰਾਮਦਿਆਲ ਮਹਾਰਾਜ ਨੇ ਵੀ ਹਾਜ਼ਰੀ ਭਰੀ ਅਤੇ ਗਵਾਲਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ।
ਕੀ ਹੋਵੇਗੀ ਗਵਾਲੇ ਦੀ ਜ਼ਿੰਮੇਵਾਰੀ?
ਇਸ ਯੋਜਨਾ ਤਹਿਤ ਨਿਯੁਕਤ ਕੀਤੇ ਗਏ ਗਵਾਲੇ ਦਾ ਮੁੱਖ ਕੰਮ ਸਵੇਰੇ ਪਿੰਡ ਦੀਆਂ ਗਾਵਾਂ ਨੂੰ ਇਕੱਠਾ ਕਰਨਾ ਅਤੇ ਉਨ੍ਹਾਂ ਨੂੰ ਚਰਾਉਣ ਲਈ ਗੋਚਰ ਭੂਮੀ (ਚਰਾਗਾਹ) ਤੱਕ ਲੈ ਕੇ ਜਾਣਾ ਹੋਵੇਗਾ। ਸਾਰਾ ਦਿਨ ਗਾਵਾਂ ਦਾ ਧਿਆਨ ਰੱਖਣ ਤੋਂ ਬਾਅਦ, ਸ਼ਾਮ ਨੂੰ ਉਹ ਗਾਵਾਂ ਨੂੰ ਵਾਪਸ ਉਨ੍ਹਾਂ ਦੇ ਮਾਲਕਾਂ ਦੇ ਘਰ ਛੱਡ ਕੇ ਆਵੇਗਾ। ਸਰਕਾਰ ਦੀ ਯੋਜਨਾ ਅਨੁਸਾਰ ਲਗਭਗ 70 ਗਾਵਾਂ ਲਈ ਇਕ ਗਵਾਲਾ ਰੱਖਿਆ ਜਾਵੇਗਾ, ਅਤੇ ਲੋੜ ਪੈਣ 'ਤੇ ਇਨ੍ਹਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ।
ਬਿਨਾਂ ਕਿਸੇ ਡਿਗਰੀ ਦੇ ਮਿਲੇਗਾ ਰੁਜ਼ਗਾਰ
ਇਸ ਯੋਜਨਾ ਦੀ ਖਾਸ ਗੱਲ ਇਹ ਹੈ ਕਿ ਇਸ ਲਈ ਕਿਸੇ ਵਿਸ਼ੇਸ਼ ਡਿਗਰੀ ਦੀ ਲੋੜ ਨਹੀਂ ਹੈ। ਜਿਹੜੇ ਲੋਕ ਘਰ ਵਿਹਲੇ ਬੈਠੇ ਹਨ, ਉਨ੍ਹਾਂ ਨੂੰ ਇਸ ਰਾਹੀਂ ਸਨਮਾਨਜਨਕ ਰੁਜ਼ਗਾਰ ਮਿਲੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਪਿੰਡਾਂ ਦੀ ਪੁਰਾਣੀ ਗਵਾਲਾ ਪਰੰਪਰਾ ਮੁੜ ਸੁਰਜੀਤ ਹੋਵੇਗੀ ਅਤੇ ਸੜਕਾਂ 'ਤੇ ਅਵਾਰਾ ਘੁੰਮਦੀਆਂ ਗਾਵਾਂ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
ਕਿਵੇਂ ਮਿਲੇਗੀ ਤਨਖਾਹ?
ਦੱਸ ਦੇਈਏ ਕਿ ਗਵਾਲਿਆਂ ਨੂੰ ਦਿੱਤੀ ਜਾਣ ਵਾਲੀ 10,000 ਰੁਪਏ ਦੀ ਤਨਖਾਹ ਸਿੱਧੇ ਤੌਰ 'ਤੇ ਸਰਕਾਰ ਵੱਲੋਂ ਨਹੀਂ, ਸਗੋਂ ਪਿੰਡ ਦੇ 'ਭਾਮਾਸ਼ਾਹ' (ਦਾਨੀ ਸੱਜਣਾਂ) ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਿੱਤੀ ਜਾਵੇਗੀ। ਇਹ ਯੋਜਨਾ ਪੂਰੀ ਤਰ੍ਹਾਂ ਸਮੁਦਾਇਕ ਭਾਗੀਦਾਰੀ 'ਤੇ ਅਧਾਰਿਤ ਹੈ ਤਾਂ ਜੋ ਗਾਵਾਂ ਦੀ ਸਾਂਭ-ਸੰਭਾਲ ਬਿਹਤਰ ਤਰੀਕੇ ਨਾਲ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
