ਸਖ਼ਤ ਕਦਮ ਚੁੱਕੇ, ਸੰਪੂਰਨ ਲਾਕਡਾਊਨ ਨਾਲ ਰੋਜ਼ੀ-ਰੋਟੀ ’ਤੇ ਪਵੇਗਾ ਅਸਰ: ਮਮਤਾ
Tuesday, May 11, 2021 - 04:23 AM (IST)
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਕਿਹਾ ਕਿ ਸੂਬੇ ਵਿਚ ਕੋਵਿਡ-19 ਨੂੰ ਕਾਬੂ ’ਚ ਕਰਨ ਲਈ ਸਖਤ ਕਦਮ ਚੁੱਕੇ ਗਏ ਹਨ ਪਰ ਜੇ ਸੰਪੂਰਨ ਲਾਕਡਾਊਨ ਲਾਇਆ ਗਿਆ ਤਾਂ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ। ਹਰ ਵਿਅਕਤੀ ਨੂੰ ਇਸ ਤਰ੍ਹਾਂ ਦਾ ਵਤੀਰਾ ਕਰਨਾ ਚਾਹੀਦਾ ਹੈ ਜਿਵੇਂ ਪੂਰੇ ਸੂਬੇ ਵਿਚ ਲਾਕਡਾਊਨ ਲੱਗਾ ਹੋਵੇ।
ਸੂਬੇ ਵਿਚ ਸਥਿਤੀ ਸ਼ਾਂਤੀਪੂਰਨ ਹੋਣ ਦਾ ਦਾਅਵਾ ਕਰਦਿਆਂ ਬੈਨਰਜੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਹਿੰਸਾ ਸਬੰਧੀ ਫਰਜ਼ੀ ਵੀਡੀਓ ਫੈਲਾਉਣ ਵਾਲਿਆਂ ਖਿਲਾਫ ਉਨ੍ਹਾਂ ਦੀ ਸਰਕਾਰ ਕਾਰਵਾਈ ਕਰੇਗੀ। ਕੇਂਦਰ ਸਰਕਾਰ ਨੂੰ ਦੇਸ਼ ਵਿਚ ਸਾਰਿਆਂ ਨੂੰ ਮੁਫਤ ਟੀਕਾ ਲਾਉਣ ਦੀ ਅਪੀਲ ਕਰਦਿਆਂ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਟੀਕਾਕਰਨ ਲਈ ਕਿਸੇ ਤੋਂ ਕੋਈ ਫੀਸ ਨਹੀਂ ਲਵੇਗੀ।
ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ 'ਚ ਫੈਲ ਰਿਹਾ ਹੁਣ 'ਬਲੈਕ ਫੰਗਜ਼' ਦਾ ਖਤਰਾ, ਤੇਜ਼ੀ ਨਾਲ ਵੱਧ ਰਹੇ ਮਾਮਲੇ
ਆਪਣੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੀ ਪਹਿਲੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ,‘‘ਅਸੀਂ ਸਖਤ ਕਦਮ ਚੁੱਕੇ ਹਨ। ਸੂਬੇ ਵਿਚ ਕੋਵਿਡ-19 ਦੇ ਮਰੀਜ਼ਾਂ ਲਈ ਹਸਪਤਾਲਾਂ ਵਿਚ ਬਿਸਤਰਿਆਂ ਦੀ ਗਿਣਤੀ ਵਧਾ ਕੇ 30 ਹਜ਼ਾਰ ਕਰ ਦਿੱਤੀ ਗਈ ਹੈ। ਸੂਬੇ ਦੇ ਸਾਰੇ ਮੈਡੀਕਲ ਕਾਲਜ ਹਸਪਤਾਲਾਂ ਨੂੰ ਆਕਸੀਜਨ ਪਲਾਂਟ ਲਾਉਣ ਲਈ ਵੀ ਕਿਹਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਬਿਸਤਰਿਆਂ ਦੀ ਗਿਣਤੀ ਵਧਾਉਣ ਦੀ ਛੋਟ ਦਿੱਤੀ ਗਈ ਹੈ।’’
ਉਨ੍ਹਾਂ ਕਿਹਾ ਕਿ ਸੰਪੂਰਨ ਲਾਕਡਾਊਨ ਨਾਲ ਖਾਸ ਤੌਰ ’ਤੇ ਦਿਹਾੜੀਦਾਰ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਅਸਰ ਪਵੇਗਾ। ਮੁੱਖ ਮੰਤਰੀ ਨੇ ਲੋਕਾਂ ਨੂੰ ਈਦ ਮੌਕੇ ਛੋਟੇ-ਛੋਟੇ ਸਮੂਹਾਂ (50 ਤੋਂ ਘੱਟ ਲੋਕਾਂ) ਵਿਚ ਨਮਾਜ਼ ਪੜ੍ਹਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੇਂਦਰ ਤੋਂ ਬੰਗਾਲ ਲਈ 3 ਕਰੋੜ ਟੀਕੇ ਮੰਗੇ ਹਨ, ਜਿਨ੍ਹਾਂ ਵਿਚੋਂ ਇਕ ਕਰੋੜ ਨਿੱਜੀ ਹਸਪਤਾਲਾਂ ਨੂੰ ਦਿੱਤੇ ਜਾਣਗੇ।
ਬੈਨਰਜੀ ਨੇ ਕਿਹਾ ਕਿ ਬਾਹਰੋਂ ਪੱਛਮੀ ਬੰਗਾਲ ਆਉਣ ਵਾਲਿਆਂ ਲਈ ਨੈਗੇਟਿਵ ਆਰ. ਟੀ.-ਪੀ. ਸੀ. ਆਰ. ਜਾਂਚ ਲਾਜ਼ਮੀ ਕੀਤੀ ਗਈ ਹੈ, ਭਾਵੇਂ ਉਹ ਹੈਲੀਕਾਪਟਰ ਜਾਂ ਵਿਸ਼ੇਸ਼ ਉਡਾਨਾਂ ਰਾਹੀਂ ਹੀ ਸੂਬੇ ਵਿਚ ਕਿਉਂ ਨਾ ਪਹੁੰਚਣ। ਉਨ੍ਹਾਂ ਆਮ ਲੋਕਾਂ ਅਤੇ ਉਦਯੋਗਿਕ ਘਰਾਣਿਆਂ ਨੂੰ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਕਾਰ ਦੀ ਮਦਦ ਕਰਨ ਵਾਸਤੇ ਧੰਨਵਾਦ ਕਿਹਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।