ਹਾਈ ਕੋਰਟ ਦੀ ਟਿੱਪਣੀ- ਪਤਨੀ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਕਰਨਾ ਮਾਨਸਿਕ ਬੇਰਹਿਮੀ
Wednesday, Aug 17, 2022 - 05:10 PM (IST)
ਕੋਚੀ- ਕੇਰਲ ਹਾਈ ਕੋਰਟ ਨੇ ਕਿਹਾ ਹੈ ਕਿ ਪਤਨੀ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਕਰਨਾ ਅਤੇ ਉਮੀਦਾਂ ’ਤੇ ਖਰਾ ਨਾ ਉਤਰਨਾ ਪਤੀ ਵਲੋਂ ਮਾਨਸਿਕ ਬੇਰਹਿਮੀ ਦੇ ਬਰਾਬਰ ਹੈ। ਔਰਤ ਤੋਂ ਅਜਿਹੇ ਵਤੀਰੇ ਨੂੰ ਬਰਦਾਸ਼ਤ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਈ ਕੋਰਟ ਨੇ ਇਕ ਵਿਅਕਤੀ ਦੀ ਅਪੀਲ ’ਤੇ ਇਹ ਟਿੱਪਣੀ ਕੀਤੀ ਹੈ। ਦਰਅਸਲ ਮਰਦ ਅਤੇ ਔਰਤ ਕਰੀਬ 13 ਸਾਲਾਂ ਤੋਂ ਵੱਖ ਰਹਿ ਰਹੇ ਸਨ ਅਤੇ ਇਕ ਪਰਿਵਾਰਕ ਅਦਾਲਤ ਨੇ ਉਨ੍ਹਾਂ ਦੇ ਵਿਆਹ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। ਵਿਅਕਤੀ ਨੇ ਉਸ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ’ਚ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ- ਪੈਸਿਆਂ ਦੇ ਵਿਵਾਦ ਨੂੰ ਲੈ ਕੇ ਰਿਸ਼ਤੇਦਾਰਾਂ ਨੇ ਔਰਤ ਨੂੰ ਜ਼ਿੰਦਾ ਸਾੜਿਆ, ਇਲਾਜ ਦੌਰਾਨ ਤੋੜਿਆ ਦਮ
ਦਰਅਸਲ ਫੈਮਿਲੀ ਕੋਰਟ ਨੇ ਦੋਹਾਂ ਵਿਚਕਾਰ ਯੌਨ ਸਬੰਧ ਨਾ ਹੋਣ ਦੇ ਆਧਾਰ ’ਤੇ ਵਿਆਹ ਨੂੰ ਖ਼ਤਮ ਕਰ ਦਿੱਤਾ ਸੀ ਜਦਕਿ ਹਾਈ ਕੋਰਟ ਨੇ ਇਸ ’ਚ ਸੋਧ ਕੀਤੀ ਅਤੇ ਤਲਾਕ ਐਕਟ 1869 ਤਹਿਤ ਪਤੀ ਵਲੋਂ ਮਾਨਸਿਕ ਬੇਰਹਿਮੀ ਦੇ ਆਧਾਰ ’ਤੇ ਵਿਆਹ ਨੂੰ ਖ਼ਤਮ ਕਰ ਦਿੱਤਾ। ਬੈਂਚ ਨੇ ਕਿਹਾ ਪਤੀ ਵਾਰ-ਵਾਰ ਤਾਅਨਾ ਮਾਰਦਾ ਸੀ ਕਿ ਪਟੀਸ਼ਨਕਰਤਾ ਉਸ ਦੀਆਂ ਉਮੀਦਾਂ ’ਤੇ ਖਰੀ ਉਤਰਨ ਵਾਲੀ ਪਤਨੀ ਨਹੀਂ ਹੈ ਅਤੇ ਉਹ ਹੋਰ ਔਰਤਾਂ ਨਾਲ ਉਸ ਦੀ ਤੁਲਨਾ ਕਰਦਾ ਸੀ, ਜੋ ਨਿਸ਼ਚਿਤ ਰੂਪ ਨਾਲ ਮਾਨਸਿਕ ਬੇਰਹਿਮੀ ਹੈ ਅਤੇ ਪਤਨੀ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਇਸ ਨੂੰ ਸਹਿਣ ਕਰੇਗੀ।
ਇਹ ਵੀ ਪੜ੍ਹੋ- ITBP ਦੇ ਸ਼ਹੀਦ ਜਵਾਨਾਂ ਨੂੰ ਉੱਪ ਰਾਜਪਾਲ ਸਿਨਹਾ ਨੇ ਸ਼ਰਧਾਂਜਲੀ ਮਗਰੋਂ ਦਿੱਤਾ ਮੋਢਾ, 7 ਜਵਾਨਾਂ ਨੇ ਗੁਆਈ ਜਾਨ
ਹਾਈ ਕੋਰਟ ਨੇ ਵੱਖ-ਵੱਖ ਦਲੀਲਾਂ, ਉਸ ਦੀ ਮਾਂ ਦੀ ਗਵਾਹੀ ਅਤੇ ਪਤੀ ਵਲੋਂ ਔਰਤ ਨੂੰ ਭੇਜੀ ਗਈ ਈ-ਮੇਲ ਦੇ ਆਧਾਰ ’ਤੇ ਆਪਣਾ ਫ਼ੈਸਲਾ ਸੁਣਾਇਆ। ਈ-ਮੇਲ ’ਚ ਪਤੀ ਨੇ ਜੀਵਨ ਸਾਥੀ ਲਈ ਆਪਣੀਆਂ ਉਮੀਦਾਂ ਜ਼ਾਹਰ ਕੀਤੀਆਂ ਹਨ ਅਤੇ ਔਰਤ ਨੂੰ ਦੱਸਿਆ ਕਿ ਉਸ ਨੂੰ ਰਿਸ਼ਤੇ ’ਚ ਕਿਵੇਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਬੈਂਚ ਨੇ ਇਹ ਵੀ ਨੋਟ ਕੀਤਾ ਕਿ ਦੋਹਾਂ ਦਾ ਵਿਆਹ ਜਨਵਰੀ 2009 ਵਿਚ ਹੋਇਆ ਸੀ ਅਤੇ ਉਹ ਬਹੁਤ ਘੱਟ ਸਮਾਂ ਇਕੱਠੇ ਰਹੇ। ਉਨ੍ਹਾਂ ਨਵੰਬਰ 2009 ਵਿਚ ਹੀ ਵਿਆਹ ਨੂੰ ਖ਼ਤਮ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਕਿਹਾ ਕਿ ਰਿਕਾਰਡ ’ਤੇ ਲਿਆਂਦੀ ਗਈ ਸਮੱਗਰੀ ਤੋਂ ਪਤਾ ਲੱਗਦਾ ਹੈ ਕਿ ਉਹ ਮੁਸ਼ਕਲ ਨਾਲ ਇਕ ਮਹੀਨਾ ਵੀ ਇਕੱਠੇ ਨਹੀਂ ਰਹੇ ਅਤੇ ਉਨ੍ਹਾਂ ਦਾ ਵਿਆਹ ਬਸ ਨਾਮ ਦਾ ਸੀ।
ਇਹ ਵੀ ਪੜ੍ਹੋ- ਭਾਰਤ ਨੂੰ ਨੰਬਰ-1 ਬਣਾਉਣ ਲਈ CM ਕੇਜਰੀਵਾਲ ਨੇ ਸ਼ੁਰੂ ਕੀਤੀ ‘ਮੇਕ ਇੰਡੀਆ ਨੰਬਰ ਵਨ’ ਮੁਹਿੰਮ