ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਔਰਤ ਸਮੇਤ ਦੋ ਕੁੜੀਆਂ ਦੀ ਮੌਤ

Wednesday, Jul 24, 2024 - 09:54 AM (IST)

ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਔਰਤ ਸਮੇਤ ਦੋ ਕੁੜੀਆਂ ਦੀ ਮੌਤ

ਅਹਿਮਦਾਬਾਦ- ਗੁਜਰਾਤ 'ਚ ਮੋਹਲੇਧਾਰ ਮੀਂਹ ਕਾਰਨ ਦੇਵਭੂਮੀ ਦੁਆਰਕਾ ਜ਼ਿਲ੍ਹੇ ਦੇ ਜਾਮ ਖੰਭਾਲੀਆ ਸ਼ਹਿਰ ਵਿਚ ਤਿੰਨ ਮੰਜ਼ਿਲਾ ਇਮਾਰਤ ਢਹਿਣ ਨਾਲ ਇਕ ਬਜ਼ੁਰਗ ਔਰਤ ਅਤੇ ਉਸ ਦੇ ਪਰਿਵਾਰ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮਕਾਨ ਖਸਤਾ ਹਾਲਤ ਵਿਚ ਸੀ। ਇਹ ਹਾਦਸਾ ਮੰਗਲਵਾਰ ਸ਼ਾਮ ਜਾਮ ਖੰਭਾਲੀਆ ਸ਼ਹਿਰ ਦੇ ਗਗਵਾਨੀ ਫਲੀ ਇਲਾਕੇ ਵਿਚ ਵਾਪਰਿਆ। ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਲੱਗਭਗ 6 ਘੰਟੇ ਬਚਾਅ ਮੁਹਿੰਮ ਮਗਰੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦਕਿ 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਪੁਲਸ ਮੁਤਾਬਕ ਮੋਹਲੇਧਾਰ ਮੀਂਹ ਕਾਰਨ ਇਮਾਰਤ ਢਹਿ-ਢੇਰੀ ਹੋ ਗਈ ਸੀ, ਜਿਸ ਤੋਂ ਬਾਅਦ ਰਾਸ਼ਟਰੀ ਆਫ਼ਤ ਮੋਚਨ ਬਲ (NDRF), ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ ਅਤੇ ਮਲਬੇ ਹੇਠੋਂ ਲਾਸ਼ਾਂ ਨੂੰ ਕੱਢਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੇਸ਼ਰਬੇਨ ਕੰਜਾਰੀਆ (65), ਪ੍ਰੀਤੀਬੇਨ ਕੰਜਾਰੀਆ (15) ਅਤੇ ਪਾਇਲਬੇਨ ਕੰਜਾਰੀਆ (18) ਦੇ ਰੂਪ ਵਿਚ ਹੋਈ ਹੈ। ਇਮਾਰਤ ਢਹਿਣ 'ਤੇ ਸਥਾਨਕ ਲੋਕਾਂ ਨੇ ਮਲਬੇ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿਚ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।


author

Tanu

Content Editor

Related News