ਅਜੇ ਛਿੜੇਗਾ ਕਾਂਬਾ; ਪੰਜਾਬ ਸਮੇਤ ਉੱਤਰੀ ਸੂਬਿਆਂ ’ਚ ਮੁੜ ਆਵੇਗੀ ਸੀਤ ਲਹਿਰ
Sunday, Jan 15, 2023 - 09:20 AM (IST)
ਨਵੀਂ ਦਿੱਲੀ/ਸ਼ਿਮਲਾ/ਲੁਧਿਆਣਾ (ਰਾਜੇਸ਼, ਬਿਊਰੋ, ਸਲੂਜਾ)- ਪੰਜਾਬ, ਹਰਿਆਣਾ, ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਫਿਰ ਤੋਂ ਕੜਾਕੇ ਦੀ ਠੰਡ ਪੈਣ ਵਾਲੀ ਹੈ। ਕੁਝ ਥਾਵਾਂ ’ਤੇ ਧੁੱਪ ਦੇ ਦਰਸ਼ਨ ਦਰਮਿਆਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੀਤ ਲਹਿਰ ਮੁੜ ਪਰਤੇਗੀ, ਜੋ 20 ਜਨਵਰੀ ਤੱਕ ਜਾਰੀ ਰਹੇਗੀ। ਕਈ ਸੂਬਿਆਂ ’ਚ ਸੰਘਣੀ ਧੁੰਦ ਵੀ ਪ੍ਰੇਸ਼ਾਨ ਕਰ ਸਕਦੀ ਹੈ। 3-4 ਦਿਨ ਪੰਜਾਬੀਆਂ ਨੂੰ ਧੁੰਦ ਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ, ਇਸ ਤੋਂ ਬਾਅਦ ਪੰਜਾਬ ’ਚ ਮੌਸਮ ਕਲੀਅਰ ਹੋ ਜਾਵੇਗਾ।
ਉੱਤਰਾਖੰਡ ਤੇ ਹਿਮਾਚਲ ’ਚ ਬਰਫਬਾਰੀ ਕਾਰਨ ਵਧੀਆਂ ਮੁਸੀਬਤਾਂ
ਉੱਤਰਾਖੰਡ ’ਚ ਸ਼ਨੀਵਾਰ ਤੜਕੇ ਤੋਂ ਪਹਾੜੀ ਖੇਤਰਾਂ ’ਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਨਾਲ ਠੰਡ ਦਾ ਕਹਿਰ ਵਧ ਗਿਆ ਹੈ। ਹਿਮਾਚਲ ’ਚ ਬਰਫਬਾਰੀ ਕਾਰਨ ਸੂਬੇ ਦੇ ਕਈ ਇਲਾਕਿਆਂ ’ਚ ਪ੍ਰੇਸ਼ਾਨੀਆਂ ਵਧ ਗਈਆਂ ਹਨ। ਸੂਬੇ ’ਚ 276 ਸੜਕਾਂ ਬੰਦ ਹਨ, ਜਿਸ ਕਾਰਨ ਕਈ ਪੇਂਡੂ ਖੇਤਰਾਂ ਦਾ ਸੰਪਰਕ ਟੁੱਟ ਗਿਆ ਹੈ। ਅਜਿਹੇ ’ਚ ਲੋਕਾਂ ਨੂੰ ਆਉਣ-ਜਾਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਭਰ ’ਚ 172 ਬਿਜਲੀ ਦੇ ਟਰਾਂਸਫਾਰਮਰ ਵੀ ਬੰਦ ਹਨ, ਜਿਸ ਕਾਰਨ ਸੂਬੇ ਦੇ ਸੈਂਕੜੇ ਪਿੰਡਾਂ ’ਚ ਹਨੇਰਾ ਛਾ ਗਿਆ ਹੈ। ਸ਼ਿਮਲਾ ਅਤੇ ਸਿਰਮੌਰ ਜ਼ਿਲਿਆਂ ਦੀ ਸਰਹੱਦ ’ਤੇ ਸਥਿਤ ਚੂੜਧਾ ਮੰਦਰ ’ਚ ਪਿਛਲੇ ਲਗਭਗ 36 ਘੰਟਿਆਂ ਤੋਂ ਬਿਜਲੀ ਗੁੱਲ ਹੈ।
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਗੁਰੇਜ਼ ਸੈਕਟਰ ਦੇ ਜੁਰਨਿਆਲ ਪਿੰਡ ’ਚ ਸ਼ਨੀਵਾਰ ਦੁਪਹਿਰ ਨੂੰ ਬਰਫ਼ ਦੇ ਤੋਦੇ ਡਿੱਗੇ ਪਰ ਇਸ ਘਟਨਾ ’ਚ ਕਿਸੇ ਕਿਸਮ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇਕ ਦਿਨ ਪਹਿਲਾਂ ਹੀ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਤੋਂ ਬਾਅਦ ਅਧਿਕਾਰੀਆਂ ਨੇ ਬਾਂਦੀਪੋਰਾ ਸਮੇਤ 12 ਜ਼ਿਲਿਆਂ ਲਈ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਹੈ।