ਕਸ਼ਮੀਰ ’ਚ ਤੇਜ਼ ਹੋਈ ਸੀਤ ਲਹਿਰ, ਹਿਮਾਚਲ ’ਚ ਅੱਜ ਭਾਰੀ ਮੀਂਹ-ਬਰਫਬਾਰੀ ਦਾ ਅਲਰਟ
Tuesday, Jan 24, 2023 - 01:04 PM (IST)
ਸ਼੍ਰੀਨਗਰ, (ਭਾਸ਼ਾ)– ਅਸਮਾਨ ਸਾਫ਼ ਰਹਿਣ ਕਾਰਨ ਪੂਰੇ ਕਸ਼ਮੀਰ ’ਚ ਘੱਟੋ-ਘੱਟ ਤਾਪਮਾਨ ’ਚ ਹੋਰ ਗਿਰਾਵਟ ਦਰਜ ਕੀਤੀ ਗਈ ਅਤੇ ਗੁਲਮਰਗ ਸਕੀਇੰਗ ਰਿਜ਼ੋਰਟ ’ਚ ਪਾਰਾ ਸਿਫਰ ਤੋਂ 9 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ 4 ਦਿਨਾਂ ਦੇ ਮੀਂਹ ਅਤੇ ਬਰਫਬਾਰੀ ਤੋਂ ਬਾਅਦ ਐਤਵਾਰ ਦੁਪਹਿਰ ਤੋਂ ਹੀ ਕਸ਼ਮੀਰ ’ਚ ਸੂਰਜ ਲੁਕਣ-ਮੀਟੀ ਖੇਡ ਰਿਹਾ ਹੈ। ਸ਼੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 3.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਸ਼ਨੀਵਾਰ ਰਾਤ ਦੇ 1.0 ਡਿਗਰੀ ਸੈਲਸੀਅਸ ਤੋਂ ਘੱਟ ਹੈ।
ਮੌਸਮ ਵਿਭਾਗ ਨੇ ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਦਰਮਿਆਨੀ ਤੋਂ ਦਰਮਿਆਨੀ ਤੋਂ ਭਾਰੀ ਬਰਫਬਾਰੀ ਅਤੇ ਜੰਮੂ ’ਚ ਮੀਂਹ ਦੀ ਸੰਭਾਵਨਾ ਦੇ ਨਾਲ ਸੋਮਵਾਰ ਤੋਂ ਬੁੱਧਵਾਰ ਤੱਕ ਜ਼ਿਆਦਾ ਮੀਂਹ ਦਾ ਅੰਦਾਜ਼ਾ ਪ੍ਰਗਟਾਇਆ ਹੈ।
ਹਿਮਾਚਲ ’ਚ ਮੰਗਲਵਾਰ ਨੂੰ ਭਾਰੀ ਮੀਂਹ ਅਤੇ ਬਰਫਬਾਰੀ ਦਾ ਅਗਾਊਂ ਅੰਦਾਜ਼ਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਸੂਬੇ ਦੇ 7 ਜ਼ਿਲਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਉੱਥੇ ਹੀ, ਸੂਬੇ ਦੇ ਮੈਦਾਨੀ ਜ਼ਿਲਿਆਂ ’ਚ ਮੀਂਹ ਦੀ ਸੰਭਾਵਨਾ ਹੈ।