ਲਕਸ਼ਦੀਪ ’ਚ ਮਿਲਦਾ ਹੈ ‘ਨਾਰੀਅਲ ਗੁੜ’, ਕੀਮਤ 1000 ਰੁਪਏ ਪ੍ਰਤੀ ਕਿਲੋ
Sunday, Feb 11, 2024 - 01:07 PM (IST)
ਤਿੰਨਾਕਾਰਾ/ਕਾਵਰੱਤੀ (ਲਕਸ਼ਦੀਪ), (ਭਾਸ਼ਾ)- ਜੇ ਤੁਸੀਂ ਖੂਬਸੂਰਤ ਸੈਰ-ਸਪਾਟਾ ਸਥਾਨ ਲਕਸ਼ਦੀਪ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਥੋਂ ਦੇ ਖਾਸ ਪਕਵਾਨ ਨਾਰੀਅਲ ਗੁੜ ਦਾ ਸਵਾਦ ਚੱਖਣਾ ਨਾ ਭੁੱਲਣਾ, ਜੋ ਕਿ ਬੇਹੱਦ ਸਵਾਦਿਸ਼ਟ ਅਤੇ ਸਿਹਤ ਵਧਾਊ ਹੈ। ਹਾਲਾਂਕਿ, ਖਾਸ ਤਰੀਕੇ ਨਾਲ ਪਕਾਏ ਜਾਣ ਅਤੇ ਬਹੁਤ ਜ਼ਿਆਦਾ ਮੰਗ ਕਾਰਨ ਨਾਰੀਅਲ ਗੁੜ ਦਾ ਸਵਾਦ ਚੱਖਣਾ ਜੇਬ ’ਤੇ ਥੋੜਾ ਭਾਰੀ ਪੈਂਦਾ ਹੈ।
ਤਿੰਨਾਕਾਰਾ ਟਾਪੂ ’ਤੇ ਇਕ ਛੋਟਾ ਜਿਹਾ ਰੈਸਟੋਰੈਂਟ ਚਲਾਉਣ ਵਾਲੇ ਸੈਫੁੱਲਾ ਨੇ ਕਿਹਾ ਕਿ 30 ਲੀਟਰ ਨਾਰੀਅਲ ਦੇ ਰਸ ਨੂੰ ਪਕਾ ਕੇ ਗਾੜ੍ਹਾ ਕਰਨ ਨਾਲ ਸਾਨੂੰ ਸਿਰਫ 2.5 ਕਿਲੋ ਗੁੜ ਮਿਲ ਸਕਦਾ ਹੈ, ਇਸ ਲਈ ਇਹ ਬਹੁਤ ਮਹਿੰਗਾ ਹੈ। ਇਸ ਦੀ ਕੀਮਤ 1000 ਰੁਪਏ ਪ੍ਰਤੀ ਕਿਲੋ ਹੈ। ਨਾਰੀਅਲ ਦੇ ਗੁੜ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਜੇ ਕੋਈ ਇਹ ਸਪੈਸ਼ਲ ਗੁੜ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦਾ ਆਰਡਰ ਪਹਿਲਾਂ ਤੋਂ ਹੀ ਬੁੱਕ ਕਰਵਾਉਣਾ ਪੈਂਦਾ ਹੈ।
ਸਥਾਨਕ ਵਸਨੀਕਾਂ ਦਾ ਮੰਨਣਾ ਹੈ ਕਿ ਇਸ ਗੁੜ ਨੂੰ ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਹਨ ਅਤੇ ਉਹ ਮਠਿਆਈ ਜਾਂ ਚਾਹ ਬਣਾਉਣ ਵੇਲੇ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਇਹ ਗੁੜ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ।