ਮਣੀਪੁਰ : ਰਾਜਪਾਲ ਦਾ ਪੁਤਲਾ ਸਾੜ ਰਹੇ ਵਿਖਾਵਾਕਾਰੀਆਂ ਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਝੜਪਾਂ

Monday, May 26, 2025 - 11:10 PM (IST)

ਮਣੀਪੁਰ : ਰਾਜਪਾਲ ਦਾ ਪੁਤਲਾ ਸਾੜ ਰਹੇ ਵਿਖਾਵਾਕਾਰੀਆਂ ਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਝੜਪਾਂ

ਇੰਫਾਲ, (ਭਾਸ਼ਾ)- ਸੁਰੱਖਿਆ ਫੋਰਸਾਂ ਨੇ ਸੋਮਵਾਰ ਇੰਫਾਲ ਪੱਛਮੀ ਜ਼ਿਲੇ ’ਚ ਮਣੀਪੁਰ ਦੇ ਰਾਜਪਾਲ ਅਜੇ ਕੁਮਾਰ ਭੱਲਾ ਦੀ ਵਾਪਸੀ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਔਰਤਾਂ ਵੱਲੋਂ ਕੱਢੀ ਜਾ ਰਹੀ ਇਕ ਰੈਲੀ ਨੂੰ ਨਹੀਂ ਹੋਣ ਦਿੱਤਾ।

ਇਹ ਰੈਲੀ ਸੂਬੇ ਦੀਆਂ ਬਸਾਂ ਤੋਂ ਮਣੀਪੁਰ ਦਾ ਨਾਂ ਹਟਾਉਣ ਦੇ ਵਿਰੋਧ ’ਚ ਕੱਢੀ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਵਿਖਾਵਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਖਾਵਾਕਾਰੀ ਟਿੱਡੀਮ ਰੋਡ ’ਤੇ ਕਵਾਕੇਥਲ ਖੇਤਰ ’ਚ ਇਕੱਠੇ ਹੋਏ ਸਨ। ਉਹ 3 ਕਿਲੋਮੀਟਰ ਦੀ ਦੂਰੀ ’ਤੇ ਰਾਜ ਭਵਨ ਤੱਕ ਪੈਦਲ ਮਾਰਚ ਕੱਢਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।

ਵਿਦਿਆਰਥੀਆਂ ਤੇ ਔਰਤਾਂ ਨੇ ਇੰਫਾਲ ਹਵਾਈ ਅੱਡੇ ਤੋਂ ਕੇਸਮਪਤ ਤੱਕ 6 ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾ ਕੇ ਆਪਣਾ ਵਿਰੋਧ ਦਰਜ ਕਰਵਾਇਆ। ਇਹ ਥਾਂ ਰਾਜ ਭਵਨ ਤੋਂ ਸਿਰਫ਼ 200 ਮੀਟਰ ਦੀ ਦੂਰੀ 'ਤੇ ਹੈ।

ਵਿਖਾਵਾਕਾਰੀਆਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਲਿਖਿਆ ਸੀ ‘ਮਣੀਪੁਰ ਦੀ ਪਛਾਣ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ’ ਅਤੇ ‘ਰਾਜਪਾਲ ਨੂੰ ਮਣੀਪੁਰ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ’

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨਾਂ ਕਾਰਨ ਰਾਜਪਾਲ ਨੂੰ ਦੁਪਹਿਰ ਨਵੀਂ ਦਿੱਲੀ ਤੋਂ ਇੰਫਾਲ ਪਹੁੰਚਣ ਤੋਂ ਬਾਅਦ ਸੜਕ ਰਾਹੀਂ ਜਾਣ ਦੀ ਬਜਾਏ ਫੌਜ ਦੇ ਹੈਲੀਕਾਪਟਰ ਰਾਹੀਂ ਰਾਜ ਭਵਨ ਨੇੜੇ ਕਾਂਗਲਾ ਕਿਲੇ ਲਿਆਂਦਾ ਗਿਆ।

ਕੁਝ ਵਿਖਾਵਾਕਾਰੀਆਂ ਨੇ ਰਾਜਪਾਲ ਦਾ ਪੁਤਲਾ ਸਾੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਵਿਖਾਵਾਕਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਝੜਪਾਂ ਹੋਈਆਂ। ਇੰਫਾਲ ਹਵਾਈ ਅੱਡੇ ਤੋਂ ਰਾਜ ਭਵਨ ਤੱਕ ਟਿੱਡੀਮ ਰੋਡ ’ਤੇ ਅਸਾਮ ਰਾਈਫਲਜ਼ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ।

ਇੰਫਾਲ ਪੱਛਮੀ ਜ਼ਿਲੇ ਦੇ ਮੋਇਰੰਗਖੋਮ ਅਤੇ ਇੰਫਾਲ ਪੂਰਬੀ ਜ਼ਿਲੇ ਦੇ ਕੋਨੁੰਗ ਮਾਮਾਂਗ ਸਮੇਤ ਕਈ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਮੈਤੇਈ ਗਰੁੱਪ ਨੇ ਪਿਛਲੇ ਹਫ਼ਤੇ ਮਣੀਪੁਰ ਵਿੱਚ 48 ਘੰਟੇ ਦੀ ਹੜਤਾਲ ਕੀਤੀ ਸੀ।


author

Rakesh

Content Editor

Related News