ਕੇਂਦਰ ਸ਼ਾਸਿਤ ਸੂਬਿਆਂ ''ਚ ਸੀ. ਐੱਮ. ਨਹੀਂ, ਐੱਲ. ਜੀ. ਹੀ ਕਰਤਾ-ਧਰਤਾ : ਕੇਂਦਰ
Monday, Jun 26, 2017 - 03:22 AM (IST)

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਦਿੱਲੀ ਅਤੇ ਪੁੱਡੂਚੇਰੀ 'ਚ ਚੁਣੀ ਸਰਕਾਰ ਅਤੇ ਉਪ ਰਾਜਪਾਲ (ਐੱਲ. ਜੀ.) ਵਿਚਾਲੇ ਅਧਿਕਾਰ ਖੇਤਰ ਨੂੰ ਲੈ ਕੇ ਵਾਰ-ਵਾਰ ਉਭਰ ਰਹੇ ਵਿਵਾਦ 'ਚ ਦਖਲ ਦਿੰਦੇ ਹੋਏ ਇਕ ਵਾਰ ਫਿਰ ਕਾਨੂੰਨੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ। ਕੇਂਦਰ ਸਰਕਾਰ ਨੇ ਦਿੱਲੀ 'ਚ ਆਏ ਦਿਨ ਕੇਜਰੀਵਾਲ ਸਰਕਾਰ ਅਤੇ ਪੁੱਡੂਚੇਰੀ 'ਚ ਨਾਰਾਇਣਸਾਮੀ ਸਰਕਾਰ ਦੇ ਰਾਜ ਨਿਵਾਸ ਨਾਲ ਅਧਿਕਾਰਤ ਖੇਤਰ ਦੇ ਟਕਰਾਅ 'ਤੇ ਦਿੱਲੀ ਹਾਈ ਕੋਰਟ ਦੇ ਪਿਛਲੇ ਫੈਸਲੇ ਦੇ ਹਵਾਲੇ ਨਾਲ ਕੇਂਦਰ ਸ਼ਾਸਤ ਸੂਬੇ 'ਚ ਐੱਲ. ਜੀ. ਨੂੰ ਹੀ ਸਰਕਾਰੀ ਕੰਮਕਾਜ 'ਚ ਕਰਤਾ-ਧਰਤਾ ਦੱਸਿਆ ਹੈ।
ਕੇਂਦਰੀ ਗ੍ਰਹਿ ਮੰਤਰਾਲਾ ਨੇ ਤਾਜ਼ਾ ਵਿਵਾਦ ਪੁੱਡੂਚੇਰੀ 'ਚ ਰਾਜਪਾਲ ਕਿਰਨ ਬੇਦੀ ਅਤੇ ਨਾਰਾਇਣਸਾਮੀ ਸਰਕਾਰ ਵਿਚਾਲੇ ਪੈਦਾ ਹੋਣ 'ਤੇ ਇਕ ਸਪੱਸ਼ਟੀਕਰਨ ਨੂੰ ਜਾਰੀ ਕਰ ਕੇ ਸਥਿਤੀ ਨੂੰ ਸਪੱਸ਼ਟ ਕੀਤਾ ਹੈ। ਨਾਰਾਇਣਸਾਮੀ ਨੇ ਹਾਲ ਹੀ 'ਚ ਬੇਦੀ ਦੀ ਕਾਰਜਸ਼ੈਲੀ ਨੂੰ ਰਾਜ ਨਿਵਾਸ ਦੀ ਅੱਤ ਸਰਗਰਮੀ ਅਤੇ ਇਕ ਚੁਣੀ ਸਰਕਾਰ ਦੇ ਕੰਮਕਾਜ 'ਚ ਗੈਰ-ਜ਼ਰੂਰੀ ਦਖਲ ਦੇਣ ਵਾਲਾ ਦੱਸਦੇ ਹੋਏ ਕੇਂਦਰ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਗਈ ਸੀ।