CM ਯੋਗੀ ਨੇ ਫਿਰੋਜ਼ਾਬਾਦ ’ਚ ਡੇਂਗੂ ਪ੍ਰਭਾਵਿਤ ਬੱਚਿਆਂ ਦਾ ਜਾਣਿਆ ਹਾਲ, ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
Monday, Aug 30, 2021 - 04:57 PM (IST)
ਫਿਰੋਜ਼ਾਬਾਦ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਡੇਂਗੂ ਬੁਖ਼ਾਰ ਦੇ ਕਹਿਰ ਨਾਲ ਜੂਝ ਰਹੇ ਫਿਰੋਜ਼ਾਬਾਦ ਦਾ ਸੋਮਵਾਰ ਨੂੰ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਇਲਾਜ ਦੀ ਵਿਵਸਥਾ ਯਕੀਨੀ ਕਰਨ ਦੀ ਹਿਦਾਇਤ ਦਿੱਤੀ ਹੈ। ਯੋਗੀ ਸੋਮਵਾਰ ਨੂੰ ਦੁਪਹਿਰ ਤੈਅ ਪ੍ਰੋਗਰਾਮ ਮੁਤਾਬਕ ਇੱਥੇ ਪਹੁੰਚਣ ਮਗਰੋਂ ਸਰਕਾਰੀ ਕਾਲਜ ਦੇ ਸੌ ਸ਼ੈਯਾ ਹਸਪਤਾਲ ਸਥਿਤ ਵਾਰਡ ’ਚ ਡੇਂਗੂ ਤੋਂ ਪ੍ਰਭਾਵਿਤ ਬੱਚਿਆਂ ਨੂੰ ਮਿਲਣ ਗਏ। ਫਿਰੋਜ਼ਾਬਾਦ ਜ਼ਿਲ੍ਹੇ ਵਿਚ ਡੇਂਗੂ ਦਾ ਕਹਿਰ ਜਾਰੀ ਹੈ ਅਤੇ ਪਿਛਲੇ ਕਰੀਬ ਇਕ ਹਫ਼ਤੇ ਦੌਰਾਨ ਐਤਵਾਰ ਤੱਕ ਇਸ ਬੁਖ਼ਾਰ ਨਾਲ 41 ਲੋਕਾਂ ਦੀ ਮੌਤ ਹੋ ਗਈ।
ਸਦਰ ਵਿਧਾਇਕ ਮਨੀਸ਼ ਅਸੀਜਾ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ 41 ਲੋਕਾਂ ਦੇ ਡੇਂਗੂ ਨਾਲ ਮੌਤ ਦੀ ਸੂਚਨਾ ਆ ਚੁੱਕੀ ਹੈ, ਜਦਕਿ ਕਈ ਲੋਕ ਗੰਭੀਰ ਸਥਿਤੀ ਵਿਚ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੌਤ ਦਾ ਅੰਕੜਾ 50 ਤੱਕ ਪਹੁੰਚ ਸਕਦਾ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ 1 ਤੋਂ ਲੈ ਕੇ 15 ਸਾਲ ਤਕ ਦੇ ਬੱਚੇ ਹਨ। ਸੌ ਸ਼ੈਯਾ ਹਸਪਤਾਲ ਪਹੁੰਚਣ ਮਗਰੋਂ ਮੁੱਖ ਮੰਤਰੀ ਨੇ ਡੇਂਗੂ ਤੋਂ ਪ੍ਰਭਾਵਿਤ ਬੱਚਿਆਂ ਦਾ ਹਾਲ ਜਾਣਿਆ ਅਤੇ ਡਾਕਟਰੀ ਸਹੂਲਤਾਂ ਬਾਰੇ ਜਾਣਕਾਰੀ ਲਈ। ਲੱਗਭਗ ਇਕ ਘੰਟਾ ਰੁੱਕਣ ਮਗਰੋਂ ਦੁਪਹਿਰ ਕਰੀਬ ਢਾਈ ਵਜੇ ਮੁੱਖ ਮੰਤਰੀ ਸੁਦਾਮਾ ਨਗਰ ਲਈ ਰਵਾਨਾ ਹੋਏ। ਮੁੱਖ ਮੰਤਰੀ ਨੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਵਰਤਣ ’ਤੇ ਸਖਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।