CM ਯੋਗੀ ਦਾ ਐਲਾਨ, 403 ਵਿਧਾਨ ਸਭਾ ਖੇਤਰਾਂ ’ਚ ਬਣੇਗਾ 100 ਬਿਸਤਰਿਆਂ ਦਾ ਹਾਈਟੈਕ ਹਸਪਤਾਲ
Sunday, Apr 10, 2022 - 06:07 PM (IST)
ਗੋਰਖਪੁਰ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਗੋਰਖਪੁਰ ਦੇ ਜੰਗਲ ਕੌੜੀਆ ਪ੍ਰਾਇਮਰੀ ਸਿਹਤ ਕੇਂਦਰ ਤੋਂ ਪੂਰੇ ਪ੍ਰਦੇਸ਼ ਲਈ ‘ਜਨ ਅਰੋਗ ਮੇਲਾ’ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਲੋਕਾਂ ਨੂੰ ਮੁਫ਼ਤ ਸਲਾਹ, ਮੁਫ਼ਤ ਪਰੀਖਣ ਅਤੇ ਮੁਫ਼ਤ ਹੀ ਦਵਾਈਆਂ ਮਿਲਣਗੀਆਂ। ਉਨ੍ਹਾਂ ਇਸ ਦੇ ਨਾਲ ਹੀ ਸੂਬੇ ’ਚ 403 ਵਿਧਾਨ ਸਭਾ ਖੇਤਰਾਂ ’ਚ 100-100 ਬਿਸਤਰਿਆਂ ਵਾਲੇ ਹਾਈਟੈਕ ਹਸਪਤਾਲ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ’ਚ ਯੋਗੀ ਨੇ ਕਿਹਾ ਕਿ ਸਰਕਾਰ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਯੋਗੀ ਨੇ ਕਿਹਾ ਕਿ ‘ਜਨ ਅਰੋਗ ਮੇਲਾ’ ਨੂੰ ਸਾਲ 2020 ’ਚ ਸ਼ੁਰੂ ਕੀਤਾ ਗਿਆ ਸੀ ਪਰ ਕੋਰੋਨਾ ਕਾਰਨ ਇਸ ਨੂੰ ਰੋਕ ਦਿੱਤਾ ਗਿਆ। ਇੰਸੇਫੇਲਾਈਟਸ ਦੀ ਚਰਚਾ ਕਰਦੇ ਹੋਏ ਯੋਗੀ ਨੇ ਕਿਹਾ ਕਿ ਸਾਲ 1977 ਤੋਂ 2017 ਤੱਕ ਰਾਜ ’ਚ ਇਸ ਬੀਮਾਰੀ ਨੇ 50 ਹਜ਼ਾਰ ਤੋਂ ਵੱਧ ਬੱਚਿਆਂ ਦੀ ਜਾਨ ਲਈ ਪਰ ਕੇਂਦਰ ਅਤੇ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਤੋਂ ਇਸ ’ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ’ਚ ਇੰਸੇਫੇਲਾਈਟਸ ਕਾਬੂ ’ਚ ਆਇਆ ਹੈ ਅਤੇ ਇਹ ਖ਼ਤਰਨਾਕ ਬੀਮਾਰੀ ਇਕ-ਦੋ ਸਾਲਾਂ ’ਚ ਹਮੇਸ਼ਾ ਲਈ ਖਤਮ ਹੋ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਵਿਡ ਕੰਟਰੋਲ ਮਾਡਲ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਸਾਰਿਆਂ ਨੇ ਇਕ ਸੰਵੇਦਨਸ਼ੀਲ ਸਰਕਾਰ ਦਾ ਕੰਮ ਵੇਖਿਆ ਹੈ ਅਤੇ ਹੁਣ ਤੱਕ ਯੂ. ਪੀ. ’ਚ ਵੈਕਸੀਨ ਦੀਆਂ 30 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਡਬਲ ਇੰਜਣ ਸਰਕਾਰ ਨੇ ਸਾਰੇ ਲੋੜਵੰਦ ਲੋਕਾਂ ਨੂੰ ਰਾਸ਼ਨ ਦਿੱਤਾ ਹੈ।