ਮੁੱਖ ਮੰਤਰੀ ਯੋਗੀ ਦੀ ਸੁਰੱਖਿਆ ’ਚ ਵੱਡੀ ਲਾਪਰਵਾਹੀ, ਹੈਲੀਕਾਪਟਰ ਦੀ ਲੈਂਡਿੰਗ ਸਮੇਂ ਪੁੱਜੀ ਗਾਂ
Tuesday, May 25, 2021 - 11:22 AM (IST)
ਆਜਮਗੜ੍ਹ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸੁਰੱਖਿਆ ’ਚ ਵੱਡੀ ਲਾਪਰਵਾਹੀ ਕੀਤੀ ਗਈ। ਉਹ ਕੋਵਿਡ ਮਹਾਮਾਰੀ ਦੀ ਸਮੀਖਿਆ ਕਰਨ ਆਜਮਗੜ੍ਹ ਆਏ ਸਨ ਕਿ ਪੁਲਸ ਲਾਈਨ ਕੰਪਲੈਕਸ ’ਚ ਹੈਲੀਕਾਪਟਰ ਦੀ ਲੈਂਡਿੰਗ ਸਮੇਂ ਹੈਲੀਪੇਡ ’ਤੇ ਅਚਾਨਕ ਗਾਂ ਦੌੜ ਕੇ ਆ ਗਈ। ਸੁਰੱਖਿਆ ਕਾਮਿਆਂ ਨੇ ਗਾਂ ਨੂੰ ਕਿਸੇ ਤਰ੍ਹਾਂ ਘੇਰ ਕੇ ਉੱਥੋਂ ਦੂਜੇ ਪਾਸੇ ਮੋੜ ਦਿੱਤਾ। ਇਸ ਤੋਂ ਬਾਅਦ ਉੱਥੇ ਮੌਜੂਦ ਅਧਿਕਾਰੀਆਂ ਅਤੇ ਪੁਲਸ ਕਾਮਿਆਂ ਨੇ ਸੁੱਖ ਦਾ ਸਾਹ ਲਿਆ। ਉੱਥੇ ਉੱਡਦੀ ਧੂੜ ਦਰਮਿਆਨ ਸੁਰੱਖਿਆ ਕਾਮਿਆਂ ਨੇ ਉਸ ਗਾਂ ਨੂੰ ਹੈਲੀਪੇਡ ਵੱਲ ਜਾਣ ਤੋਂ ਰੋਕ ਦਿੱਤਾ। ਇੱਥੇ ਲੈਂਡ ਕਰਨ ਮਗਰੋਂ ਯੋਗੀ ਪੁਲਸ ਲਾਈਨ ਤੋਂ ਇੰਟੀਗੇ੍ਰੇਟੇਡ ਕੋਵਿਡ ਕਮਾਂਡ ਸੈਂਟਰ ਰਵਾਨਾ ਹੋ ਗਏ।
ਆਜਮਗੜ੍ਹ ਦੌਰੇ ਦੌਰਾਨ ਮੁੱਖ ਮੰਤਰੀ ਯੋਗੀ ਨੇ ਸਮੀਖਿਆ ਅਤੇ ਨਿਰੀਖਣ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਸਾਰੇ ਲੋਕਾਂ ਨੂੰ ਇਸ ਮਹਾਮਾਰੀ ਪ੍ਰਤੀ ਹਰ ਪੱਧਰ ’ਤੇ ਜਾਗਰੂਕ ਕਰੋ। ਕੋਈ ਵੀ ਇਸ ਦਾ ਟੈਸਟ ਕਰਾਉਣ ਅਤੇ ਵੈਕਸੀਨ ਲਗਵਾਉਣ ਤੋਂ ਪਰਹੇਜ਼ ਨਾ ਕਰੇ। ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ’ਤੇ ਕੋਰੋਨਾ ਮਹਾਮਾਰੀ ਤੋਂ ਬਚਣ ਦਾ ਸੁਰੱਖਿਆ ਕਵਚ ਪ੍ਰਾਪਤ ਹੁੰਦਾ ਹੈ।