ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਲਈ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ
Monday, Apr 05, 2021 - 09:54 AM (IST)

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸੋਮਵਾਰ ਨੂੰ ਇੱਥੇ ਕੋਰੋਨਾ ਦਾ ਪਹਿਲਾ ਟੀਕਾ ਲਗਵਾਇਆ। ਯੋਗੀ ਸਵੇਰੇ ਕਰੀਬ 8 ਵਜੇ ਸ਼ਯਾਮਾ ਪ੍ਰਸਾਦ ਮੁਖਰਜੀ ਸਿਵਲ ਹਸਪਤਾਲ ਪਹੁੰਚੇ, ਜਿੱਥੇ ਸਟਾਫ਼ ਨਰਸ ਰਸ਼ਮੀਜੀਤ ਸਿੰਘ ਨੇ ਉਨ੍ਹਾਂ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਲਗਾਈ। ਟੀਕਾਕਰਨ ਤੋਂ ਬਾਅਦ ਕਰੀਬ ਅੱਧਾ ਘੰਟਾ ਹਸਪਤਾਲ ਕੰਪਲੈਕਸ 'ਚ ਬਿਤਾਉਣ ਤੋਂ ਬਾਅਦ ਯੋਗੀ ਆਪਣੇ ਸਰਕਾਰੀ ਘਰ ਲਈ ਰਵਾਨਾ ਹੋ ਗਏ। ਮੁੱਖ ਮੰਤਰੀ ਨੇ ਇਸ ਮੌਕੇ ਦੇਸ਼ ਦੇ ਵਿਗਿਆਨੀਆਂ ਦਾ ਆਭਾਰ ਜਤਾਉਂਦੇ ਹੋਏ ਕਿਹਾ ਕਿ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਹਰ ਵਿਅਕਤੀ ਨੂੰ ਇਸ ਨੂੰ ਆਪਣੀ ਵਾਰੀ ਆਉਣ 'ਤੇ ਲਗਵਾਉਣਾ ਚਾਹੀਦਾ ਤਾਂ ਕਿ ਕੋਰੋਨਾ ਇਨਫੈਕਸ਼ਨ ਤੋਂ ਪੂਰੀ ਤਰ੍ਹਾਂ ਨਾਲ ਛੁਟਕਾਰਾ ਮਿਲ ਸਕੇ। ਹਾਲਾਂਕਿ ਟੀਕਾਕਰਨ ਤੋਂ ਬਾਅਦ ਵੀ ਲੋਕ ਪੂਰੀ ਚੌਕਸੀ ਵਰਤਣ ਅਤੇ ਮਾਸਕ ਤੇ ਸਮਾਜਿਕ ਦੂਰੀ ਦਾ ਇਮਾਨਦਾਰੀ ਨਾਲ ਪਾਲਣ ਕਰਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸੂਬੇ 'ਚ 8 ਅਪ੍ਰੈਲ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗੀ।
ਇਸ ਤੋਂ ਪਹਿਲਾਂ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਸਵਤੰਤਰਦੇਵ ਸਿੰਘ ਤੋਂ ਇਲਾਵਾ ਯੋਗੀ ਮੰਤਰੀ ਮੰਡਲ ਦੇ ਕਈ ਮੈਂਬਰ ਕੋਰੋਨਾ ਟੀਕਾਕਰਨ ਕਰਵਾ ਚੁਕੇ ਹਨ। ਇਸ ਵਿਚ ਸਰਕਾਰ ਨੇ ਕੋਰੋਨਾ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਨਿਯਮਾਂ ਨੂੰ ਹੋ ਸਖ਼ਤ ਕੀਤਾ ਹੈ। ਮੁੱਖ ਮੰਤਰੀ ਯੋਗੀ ਪ੍ਰਦੇਸ਼ 'ਚ ਕੋਰੋਨਾ ਦੇ ਪ੍ਰਸਾਰ 'ਤੇ ਨਜ਼ਰ ਰੱਖੇ ਹੋਏ ਹਨ। ਉਨ੍ਹਾਂ ਨੇ ਇਸ ਬਾਰੇ ਸਾਰੇ ਹਸਪਤਾਲਾਂ ਨੂੰ ਅਲਰਟ ਮੋਡ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ।