CM ਸੁਖਵਿੰਦਰ ਸੁੱਖੂ ਨੇ ਹਿਮਾਚਲ ਪ੍ਰਦੇਸ਼ ਲਈ ਕੇਂਦਰ ਅੱਗੇ ਰੱਖੀ ਇਹ ਅਹਿਮ ਮੰਗ
Monday, Jan 16, 2023 - 01:56 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੇਂਦਰ ਸਰਕਾਰ ਤੋਂ ਸੂਬੇ ਲਈ ਆਫ਼ਤ ਫੰਡ 'ਚ ਵਾਧਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਆਪਣੀ ਭੂਗੋਲਿਕ ਅਤੇ ਮੌਸਮੀ ਸਥਿਤੀਆਂ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਦੇ ਲਿਹਾਜ਼ ਨਾਲ ਕਮਜ਼ੋਰ ਹੈ। ਮੁੱਖ ਮੰਤਰੀ ਐਤਵਾਰ ਨੂੰ ਮੰਡੀ ਜ਼ਿਲ੍ਹੇ ਦੇ ਮੁਰਾਰੀ ਦੇਵੀ ਅਤੇ ਚੰਬਾ ਜ਼ਿਲ੍ਹੇ ਦੇ ਜੋਤ ਵਿਖੇ ਡਾਪਲਰ ਮੌਸਮ ਰਾਡਾਰਾਂ ਦੀ ਸਥਾਪਨਾ ਤੋਂ ਬਾਅਦ ਕੇਂਦਰੀ ਭੂ-ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਜਤਿੰਦਰ ਸਿੰਘ ਵੱਲੋਂ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਇੱਥੇ ਜਾਰੀ ਬਿਆਨ ਅਨੁਸਾਰ 15 ਜਨਵਰੀ 2021 ਨੂੰ ਸ਼ਿਮਲਾ ਨੇੜੇ ਕੁਫਰੀ ਵਿਖੇ ਡਾਪਲਰ ਮੌਸਮੀ ਰਾਡਾਰ ਸਥਾਪਿਤ ਕੀਤਾ ਗਿਆ ਸੀ ਅਤੇ ਇਨ੍ਹਾਂ ਦੋ ਵਾਧੂ ਰਾਡਾਰਾਂ ਨਾਲ ਸੂਬੇ ਦਾ 70 ਫ਼ੀਸਦੀ ਖੇਤਰ ਮੌਸਮ ਦੀ ਭਵਿੱਖਬਾਣੀ ਅਧੀਨ ਆ ਜਾਵੇਗਾ। ਸੁੱਖੂ ਨੇ ਕਿਹਾ ਕਿ ਕਬਾਇਲੀ ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਦਾ ਲਗਭਗ 30 ਫ਼ੀਸਦੀ ਇਲਾਕਾ ਇਨ੍ਹਾਂ ਰਾਡਾਰਾਂ ਦੇ ਦਾਇਰੇ 'ਚ ਨਹੀਂ ਆਵੇਗਾ। ਉਨ੍ਹਾਂ ਕੇਂਦਰੀ ਰਾਜ ਮੰਤਰੀ ਨੂੰ ਇਨ੍ਹਾਂ ਜ਼ਿਲ੍ਹਿਆਂ ਲਈ ਵਾਧੂ ਰਾਡਾਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਕਿਨੌਰ ਜ਼ਿਲ੍ਹੇ 'ਚ ਹਾਲ ਹੀ ਦੇ ਸਾਲਾਂ 'ਚ ਬੱਦਲ ਫਟਣ ਕਾਰਨ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਤੋਂ ਹੀ ਸਾਵਧਾਨੀ ਦੇ ਉਪਾਅ ਕੀਤੇ ਜਾਣ ਅਤੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਸਹੀ ਪ੍ਰਣਾਲੀ ਹੋਵੇ। ਉਨ੍ਹਾਂ ਕਿਹਾ ਕਿ ਬੱਦਲ ਫਟਣ ਦੀਆਂ ਘਟਨਾਵਾਂ ਨੇ ਖਾਸ ਕਰਕੇ ਇਲਾਕੇ ਦੇ ਬਿਜਲੀ ਪ੍ਰਾਜੈਕਟਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਰਾਡਾਰ ਸਾਰੀਆਂ ਦਿਸ਼ਾਵਾਂ ਵਿਚ 100 ਕਿਲੋਮੀਟਰ ਦੇ ਘੇਰੇ ਵਿਚ ਮੋਹਲੇਧਾਰ ਮੀਂਹ, ਗੜੇਮਾਰੀ ਦੀ ਭਵਿੱਖਬਾਣੀ ਦਾ ਪੂਰਵ ਅਨੁਮਾਨ ਲਾ ਸਕਣਗੇ ਅਤੇ ਸੂਬੇ ਲਈ ਖੇਤਰ ਵਿਸ਼ੇਸ਼ ਪੂਰਵ ਅਨੁਮਾਨ ਅਤੇ ਚਿਤਾਵਨੀ 'ਚ ਸੁਧਾਰ ਲਿਆਉਣ ਵਿਚ ਮਦਦਗਾਰ ਹੋਣਗੇ।