ਕੇਰਲ ਦੇ CM ਨੇ ਰੂਸ ''ਚ ਫਸੇ ਪ੍ਰਦੇਸ਼ਵਾਸੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਤੋਂ ਮੰਗੀ ਮਦਦ

Friday, Aug 30, 2024 - 06:20 PM (IST)

ਤਿਰੁਵਨੰਤਪੁਰਮ (ਭਾਸ਼ਾ)- ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨੌਕਰੀ ਸੰਬੰਧੀ ਧੋਖਾਧੜੀ ਕਾਰਨ ਰੂਸ 'ਚ ਫਸੇ ਪ੍ਰਦੇਸ਼ਵਾਸੀਆਂ ਨੂੰ ਵਾਪਸ ਲਿਆਉਣ ਲਈ ਕਦਮ ਚੁੱਕਣ। ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਲਿਖੀ ਚਿੱਠੀ 'ਚ ਤ੍ਰਿਸ਼ੂਰ ਦੇ ਮੂਲ ਵਾਸੀ ਸੰਦੀਪ ਚੰਦਰ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਵੀ ਉਨ੍ਹਾਂ ਤੋਂ ਦਖ਼ਲਅੰਦਾਜੀ ਕਰਨ ਦੀ ਮੰਗ ਕੀਤੀ। ਚੰਦਰਨ ਦੀ ਰੂਸ-ਯੂਕ੍ਰੇਨ ਸਰਹੱਦ 'ਤੇ ਡਰੋਨ ਹਮਲੇ 'ਚ ਮੌਤ ਹੋ ਗਈ ਸੀ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਵਿਜਯਨ ਨੇ ਜੈਸ਼ੰਕਰ ਨੂੰ ਸੂਚਿਤ ਕੀਤਾ ਕਿ ਮਾਸਕੋ ਸਥਿਤ ਭਾਰਤੀ ਦੂਤਘਰ ਨੇ ਪੁਸ਼ਟੀ ਕੀਤੀ ਹੈ ਕਿ ਸੰਦੀਪ ਦੀ ਮ੍ਰਿਤਕ ਦੇਹ ਰੂਸ ਦੇ ਰੋਸਤੋਵ 'ਚ ਹੈ। ਬਿਆਨ ਅਨੁਸਾਰ, ਮੁੱਖ ਮੰਤਰੀ ਨੇ ਚਿੱਠੀ 'ਚ ਅਪੀਲ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਵਾਪਸ ਲਿਆਉਣ ਦੀ ਵਿਵਸਥਾ ਕੀਤੀ ਜਾਵੇ। 

ਵਿਜਯਨ ਨੇ ਕਿਹਾ ਕਿ ਕੇਰਲ ਦੇ ਸੰਤੋਸ਼ ਕਟੂਕਾਲਯਿਲ, ਸ਼ਣਮੁਖਨ, ਸਿਬੀ ਸੁਸੰਮਾ ਬਾਬੂ ਅਤੇ ਰੇਨਿਨ ਪੁੰਨੇਕੇਲ ਥਾਮਸ ਲੁਹਾਂਸਕ 'ਚ ਇਕ ਫ਼ੌਜੀ ਕੈਂਪ 'ਚ ਫਸੇ ਹੋਏ ਹਨ, ਜਿੱਥੇ ਉਹ ਖ਼ਤਰਨਾਕ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਤੁਰੰਤ ਬਚਾਅ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਹ ਲੋਕ ਗੈਰ-ਕਾਨੂੰਨ ਢੰਗ ਨਾਲ ਰੂਸ 'ਚ ਦਾਖ਼ਲ ਹੋਏ ਸਨ ਅਤੇ ਬਾਅਦ 'ਚ ਉਨ੍ਹਾਂ ਨੂੰ ਯੁੱਧ ਦੇ ਮੋਰਚੇ 'ਤੇ ਤਾਇਨਾਤ ਕੀਤਾ ਗਿਆ ਸੀ। ਵਿਜਯਨ ਨੇ ਆਪਣੀ ਚਿੱਠੀ 'ਚ ਅਣਅਧਿਕਾਰਤ ਭਰਤੀ ਏਜੰਸੀਆਂ ਅਤੇ ਵਿਅਕਤੀਆਂ ਦੇ ਮਾਧਿਅਮ ਨਾਲ ਰੂਸ 'ਚ ਫਸੇ ਲੋਕਾਂ ਦੀ ਗਿਣਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕੇਂਦਰ ਨੂੰ ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੂੰ ਧੋਖਾ ਦਿੱਤਾ ਗਿਆ ਹੈ ਅਤੇ ਫਸਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News