ਜੇ ਸਾਬਤ ਹੋਇਆ ਕਿ ਰਾਸ਼ਟਰੀ ਦਰਜੇ ਬਾਰੇ ਸ਼ਾਹ ਨੂੰ ਫੋਨ ਕੀਤਾ ਤਾਂ ਅਸਤੀਫਾ ਦੇ ਦਿਆਂਗੀ : ਮਮਤਾ
Thursday, Apr 20, 2023 - 11:05 AM (IST)
ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੇ ਇਹ ਗਲ ਸਾਬਤ ਹੋ ਜਾਏ ਕਿ ਤ੍ਰਿਣਮੂਲ ਕਾਂਗਰਸ ਵੱਲੋਂ ਰਾਸ਼ਟਰੀ ਪਾਰਟੀ ਦਾ ਦਰਜਾ ਗੁਆਉਣ ਤੋਂ ਬਾਅਦ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੋਨ ਕੀਤਾ ਸੀ ਤਾਂ ਉਹ ਅਸਤੀਫਾ ਦੇ ਦੇਵੇਗੀ।
ਬੁੱਧਵਾਰ ਪੱਛਮੀ ਬੰਗਾਲ ਰਾਜ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਇਸ ਸਬੰਧੀ ਕੀਤੇ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਨਾਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਹੀ ਰਹੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਪ੍ਰਸ਼ਾਸਨ ਉੱਘੇ ਸਿਆਸਤਦਾਨ ਮੁਕੁਲ ਰਾਏ ਦੇ ਪੁੱਤਰ ਸ਼ੁਭਰਾੰਸ਼ੂ ਵੱਲੋਂ ਆਪਣੇ ਪਿਤਾ ਦੇ ਲਾਪਤਾ ਹੋਣ ਬਾਰੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਕਰੇਗਾ। ਰਾਏ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਾਰਕਿੰਸਨ ਰੋਗ ਤੋਂ ਪੀੜਤ ਹਨ।
ਬੈਨਰਜੀ ਨੇ ਕਿਹਾ ਕਿ ਮੁਕੁਲ ਰਾਏ ਭਾਜਪਾ ਦੇ ਵਿਧਾਇਕ ਹਨ । ਜੇ ਉਹ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਮਾਮਲਾ ਹੈ। ਰਾਏ ਨੇ ਟੀ. ਐਮ. ਸੀ. ਤੋਂ ਵੱਖ ਹੋਣ ਤੋਂ ਬਾਅਦ 2021 ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਦੀ ਚੋਣ ਭਾਜਪਾ ਦੀ ਟਿਕਟ ’ਤੇ ਜਿੱਤੀ ਸੀ ਪਰ ਬਾਅਦ ਵਿੱਚ ਉਹ ਮਮਤਾ ਦੇ ਕੈਂਪ ਵਿੱਚ ਵਾਪਸ ਆ ਗਏ ਸਨ।