ਕੋਰੋਨਾ ’ਤੇ ਕੇਜਰੀਵਾਲ ਦਾ ਟਵੀਟ, ਦਿੱਲੀ ਵਾਸੀਆਂ ਨੂੰ ਅਪੀਲ- ਘਰ ਤੋਂ ਕਰਨ ਕੰਮ
Thursday, Mar 19, 2020 - 02:20 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ’ਚ ਵਧਦਾ ਜਾ ਰਿਹਾ ਹੈ। ਦਿੱਲੀ ’ਚ ਕੋਰੋਨਾ ਵਾਇਰਸ ਦੇ 11 ਕੇਸ ਸਾਹਮਣੇ ਆਏ ਹਨ, ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਕੀਤੇ ਟਵੀਟ ’ਚ ਕਿਹਾ ਕਿ ਮੈਂ ਦਿੱਲੀ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ 31 ਮਾਰਚ ਤਕ ਵਿਦਿਆਰਥੀਆਂ ਅਤੇ ਸਟਾਫ ਦੋਹਾਂ ਲਈ ਪੂਰੀ ਤਰ੍ਹਾਂ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੋਰਡ ਪ੍ਰੀਖਿਆ ਸਮੇਤ ਸਾਰੀਆਂ ਪ੍ਰੀਖਿਆਵਾਂ 31 ਮਾਰਚ ਤੋਂ ਬਾਅਦ ਹੋਣਗੀਆਂ। ਮੈਂ ਸਾਰੇ ਦਿੱਲੀ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਿੱਥੋਂ ਤਕ ਸੰਭਵ ਹੋ ਸਕੇ ਘਰ ਤੋਂ ਕੰਮ ਕਰੋ।
ਦਰਅਸਲ ਕੇਜਰੀਵਾਲ ਦੀ ਇਹ ਅਪੀਲ ਦਿੱਲੀ ’ਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਭਾਰਤ ’ਚ ਵਾਇਰਸ ਦੀ ਲਪੇਟ ’ਚ 174 ਲੋਕ ਆ ਚੁੱਕੇ ਹਨ। 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦਿੱਲੀ, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਸਨ। ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ’ਚ ਸਾਹਮਣੇ ਆਏ ਹਨ, ਜਿੱਥੇ 49 ਲੋਕ ਵਾਇਰਸ ਦੀ ਲਪੇਟ ’ਚ ਹਨ। ਦੱਸ ਦੇਈਏ ਕਿ ਦੁਨੀਆ ਭਰ ’ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਕਰੀਬ 2 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ ’ਚ ਹਨ। ਚੀਨ ਤੋਂ ਬਾਅਦ ਇਟਲੀ ਸਭ ਤੋਂ ਜ਼ਿਆਦਾ ਵਾਇਰਸ ਦੀ ਮਾਰ ਝੱਲ ਰਿਹਾ ਹੈ, ਜਿੱਥੇ ਮੌਤਾਂ ਦਾ ਅੰਕੜਾ 2900 ਤੋਂ ਪਾਰ ਪਹੁੰਚ ਗਿਆ ਹੈ।