ਮੁੜ ਬੱਦਲ ਫਟਿਆ, ਨੌਗਾਓਂ ਬਾਜ਼ਾਰ ’ਚ ਪਹਾੜ ਤੋਂ ਆਇਆ ਹੜ੍ਹ

Saturday, Sep 06, 2025 - 11:09 PM (IST)

ਮੁੜ ਬੱਦਲ ਫਟਿਆ, ਨੌਗਾਓਂ ਬਾਜ਼ਾਰ ’ਚ ਪਹਾੜ ਤੋਂ ਆਇਆ ਹੜ੍ਹ

ਨਵੀਂ ਦਿੱਲੀ (ਇੰਟ.)- ਉੱਤਰਕਾਸ਼ੀ ’ਚ ਮੁੜ ਬੱਦਲ ਫਟਣ ਕਾਰਨ ਨੌਗਾਓਂ ਖੇਤਰ ’ਚ ਪਹਾੜ ਤੋਂ ਹੜ੍ਹ ਆਉਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਬਰਸਾਤੀ ਨਾਲੇ ’ਚ ਪਾਣੀ ਭਰ ਜਾਣ ਕਾਰਨ ਕਈ ਘਰ ਖ਼ਤਰੇ ’ਚ ਹਨ। ਪੁਲਸ ਪ੍ਰਸ਼ਾਸਨ ਤੇ ਐੱਸ. ਡੀ. ਆਰ. ਐੱਫ. ਦੇ ਮੁਲਾਜ਼ਮ ਬਚਾਅ ਕਾਰਜਾਂ ਲਈ ਮੌਕੇ ’ਤੇ ਪਹੁੰਚ ਗਏ ਹਨ।

ਉੱਤਰਕਾਸ਼ੀ ’ਚ ਮੁੜ ਪੈਦਾ ਹੋਏ ਇਸ ਸੰਕਟ ’ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਜਿਵੇਂ ਹੀ ਉੱਤਰਾਖੰਡ ਦੇ ਨੌਗਾਓਂ ਖੇਤਰ ’ਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦੀ ਸੂਚਨਾ ਮਿਲੀ, ਉਨ੍ਹਾਂ ਤੁਰੰਤ ਜ਼ਿਲਾ ਮੈਜਿਸਟ੍ਰੇਟ ਨਾਲ ਗੱਲ ਕੀਤੀ ਤੇ ਜੰਗੀ ਪੱਧਰ ’ਤੇ ਰਾਹਤ ਤੇ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ, ਐੱਸ. ਡੀ. ਆਰ. ਐੱਫ. ਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪ੍ਰਭਾਵਿਤ ਖੇਤਰ ਲਈ ਰਵਾਨਾ ਹੋ ਗਈਆਂ ਹਨ। ਉਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਲਿਜਾਣ ਤੇ ਹਰ ਸੰਭਵ ਮਦਦ ਦੇਣ ਦਾ ਨਿਰਦੇਸ਼ ਦਿੱਤਾ ਹੈ।

ਨੌਗਾਓਂ ’ਚ ਭਾਰੀ ਮੀਂਹ ਕਾਰਨ ਨਗਰ ਪੰਚਾਇਤ ਦੇ ਸੌਲੀ ਖਾੜ, ਨੌਗਾਓਂ ਖਾੜ ਤੇ ਦੇਵਲਸਰੀ ਖਾੜ ’ਚ ਪਾਣੀ ਭਰ ਗਿਆ ਹੈ। ਇਸ ਕਾਰਨ ਇਕ ਚਾਰ ਪਹੀਆ ਵਾਹਨ ਤੇ ਕਈ ਦੋ-ਪਹੀਆ ਵਾਹਨਾਂ ਦੇ ਵਹਿ ਜਾਣ ਦੀ ਖ਼ਬਰ ਹੈ। ਘਰਾਂ ’ਚ ਮਲਬਾ ਦਾਖਲ ਹੋ ਗਿਆ ਹੈ। ਮੁਲਾਣਾ ਨੇੜੇ ਇਕ ਸੜਕ ਰੁੜ੍ਹ ਗਈ। ਨੌਗਾਓਂ-ਬਰਕੋਟ ਰਾਸ਼ਟਰੀ ਰਾਜਮਾਰਗ ਦੇ ਬੰਦ ਹੋਣ ਕਾਰਨ ਬਹੁਤ ਸਾਰੇ ਵਾਹਨ ਰਸਤੇ ’ਚ ਫਸੇ ਹੋਏ ਹਨ।


author

Hardeep Kumar

Content Editor

Related News