ਫ਼ੀਸ ਜਮ੍ਹਾ ਨਾ ਹੋਣ ''ਤੇ ਪ੍ਰੀਖਿਆ ਦੇਣ ਤੋਂ ਰੋਕਿਆ, 9ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
Saturday, Mar 04, 2023 - 10:56 AM (IST)
ਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਬਾਰਾਦਰੀ ਥਾਣਾ ਖੇਤਰ 'ਚ ਸਕੂਲ ਦੀ ਫ਼ੀਸ ਜਮ੍ਹਾ ਨਾ ਹੋਣ 'ਤੇ 9ਵੀਂ ਜਮਾਤ ਦੀ ਇਕ ਵਿਦਿਆਰਥਣ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਤੋਂ ਦੁਖ਼ੀ ਵਿਦਿਆਰਥਣ ਨੇ ਘਰ ਆ ਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਬਰੇਲੀ ਦੇ ਪੁਲਸ ਸੁਪਰਡੈਂਟ ਰਾਹੁਲ ਭਾਟੀ ਨੇ ਦੱਸਿਆ ਕਿ ਵਿਦਆਰਥਣ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਨੋਟਿਸ ਲੈਂਦੇ ਹੋਏ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਬਾਰਾਦਰੀ ਦੇ ਥਾਣਾ ਇੰਚਾਰਜ ਨੇ ਕਿਹਾ ਕਿ ਅਜੇ ਤੱਕ ਮਾਮਲੇ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਸਕੂਲ ਜਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਥਾਣਾ ਬਾਰਾਦਰੀ ਖੇਤਰ ਦੇ ਦੁਰਗਾ ਨਗਰ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਬਰੇਲੀ ਥਾਣਾ ਬਾਰਾਦਰੀ ਖੇਤਰ ਦੇ ਦੁਰਗਾ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੀ 14 ਸਾਲਾ ਧੀ ਸਾਕਸ਼ੀ ਸੂਰਜਮੁਖੀ ਇਕ ਸਕੂਲ 'ਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਮਾਤ ਅਧਿਆਪਕ ਨੇ ਉਸ ਨੂੰ ਬੋਲ ਦਿੱਤਾ ਕਿ ਪੂਰੀ ਫ਼ੀਸ ਜਮ੍ਹਾ ਨਹੀਂ ਹੋਈ ਤਾਂ ਉਸ ਨੂੰ ਪ੍ਰੀਖਿਆ 'ਚ ਨਹੀਂ ਬੈਠਣ ਦਿੱਤਾ ਜਾਵੇਗਾ। ਕੁਮਾਰ ਨੇ ਦੋਸ਼ ਲਗਾਇਆ ਕਿ ਉਹ ਪ੍ਰੀਖਿਆ ਦੇ ਪਹਿਲੇ ਪ੍ਰਿੰਸੀਪਲ ਅਤੇ ਜਮਾਤ ਅਧਿਆਪਕ ਨੂੰ ਜਾ ਕੇ ਮਿਲੇ ਅਤੇ ਅਗਲੇ ਮਹੀਨੇ ਫ਼ੀਸ ਜਮ੍ਹਾ ਕਰਨ ਲਈ ਸਮਾਂ ਮੰਗਿਆ ਪਰ ਵੀਰਵਾਰ ਨੂੰ ਜਦੋਂ ਧੀ ਪ੍ਰੀਖਿਆ ਦੇਣ ਗਈ ਤਾਂ ਉਸ ਨੂੰ ਪ੍ਰੀਖਿਆ 'ਚ ਨਹੀਂ ਬੈਠਣ ਦਿੱਤਾ ਗਿਆ। ਪੀੜਤ ਪਿਤਾ ਨੇ ਦੋਸ਼ ਲਗਾਇਆ ਕਿ ਸਕੂਲ 'ਚ ਇਸ ਤਰ੍ਹਾਂ ਦੇ ਰਵੱਈਏ ਤੋਂ ਦੁਖ਼ੀ ਹੋ ਕੇ ਉਨ੍ਹਾਂ ਦੀ ਧੀ ਨੇ ਘਰ ਆ ਕੇ ਮਾਂ ਦੀ ਸਾੜ੍ਹੀ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।