''ਨਿਆਂ, ਆਜ਼ਾਦੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਕਾਨੂੰਨ ਦੇ ਵਿਦਿਆਰਥੀ'' ; CJI ਸੂਰਿਆਕਾਂਤ

Sunday, Oct 18, 2026 - 04:21 PM (IST)

''ਨਿਆਂ, ਆਜ਼ਾਦੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਕਾਨੂੰਨ ਦੇ ਵਿਦਿਆਰਥੀ'' ; CJI ਸੂਰਿਆਕਾਂਤ

ਨੈਸ਼ਨਲ ਡੈਸਕ- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਆਕਾਂਤ ਨੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਨਿਆਂ ਤੇ ਆਜ਼ਾਦੀ ਦੀ ਰੱਖਿਆ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਰਹਿਣ ਦੀ ਅਪੀਲ ਕਰਦਿਆਂ ਸ਼ਨੀਵਾਰ ਕਿਹਾ ਕਿ ਕਾਨੂੰਨੀ ਪੇਸ਼ੇ ਲਈ ਹਿੰਮਤ, ਇਮਾਨਦਾਰੀ ਤੇ ਉਨ੍ਹਾਂ ਲੋਕਾਂ ਨੂੰ ਸੁਣਨ ਦੀ ਯੋਗਤਾ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੀਆਂ ਆਵਾਜ਼ਾਂ ਅਕਸਰ ਸੁਣੀਆਂ ਨਹੀਂ ਜਾਂਦੀਆਂ।

ਇੱਥੇ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ਦੀ 34ਵੀਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਕਾਨੂੰਨੀ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਵਿਦਿਆਰਥੀਆਂ ਨੂੰ ਵੱਖ-ਵੱਖ ਵਿਚਾਰਾਂ ਨੂੰ ਸਮਝਣ ਤੇ ਸਮਾਜ ਦੀ ਸੇਵਾ ਕਰਨ ਲਈ ਵੀ ਤਿਆਰ ਕਰਨੀ ਚਾਹੀਦੀ ਹੈ।

ਚੀਫ਼ ਜਸਟਿਸ ਨੇ ਕਿਹਾ ਕਿ ਮੈਂ ਤੁਹਾਨੂੰ ਸਿਰਫ਼ ਵਧਾਈ ਹੀ ਨਹੀਂ ਦਿੰਦਾ ਸਗੋਂ ਮੈਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਵੀ ਹਨ। ਕਾਨੂੰਨ ਦੀ ਸਿੱਖਿਆ ਦਾ ਮੰਤਵ ਸਿਰਫ਼ ਅਪਰਾਧਿਕ ਜਾਂ ਸੰਵਿਧਾਨਕ ਕਾਨੂੰਨ ਦੇ ਸਿਧਾਂਤਾਂ ਨੂੰ ਸਿੱਖਣਾ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਵਿਚਾਰਾਂ ਨੂੰ ਸਮਝਣ ਦਾ ਤਜਰਬਾ ਹਾਸਲ ਕਰਨਾ ਵੀ ਹੈ ਜੋ ਦੁਨੀਆ ਨੂੰ ਸਾਡੇ ਤੋਂ ਵੱਖਰੇ ਢੰਗ ਨਾਲ ਦੇਖਦੇ ਹਨ।

ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਵਕੀਲ ਦਾ ਪੇਸ਼ਾ ਕਮਜ਼ੋਰ ਦਿਲ ਵਾਲਿਆਂ ਲਈ ਨਹੀਂ ਹੈ। ਇਸ ਲਈ ਨਾ ਸਿਰਫ਼ ਕਾਨੂੰਨਾਂ ਅਤੇ ਪਿਛਲੇ ਅਦਾਲਤੀ ਫੈਸਲਿਆਂ ਦੀ ਡੂੰਘੀ ਸਮਝ ਦੀ ਲੋੜ ਹੁੰਦੀ ਹੈ, ਸਗੋਂ ਸਹੀ ਲਈ ਖੜ੍ਹੇ ਹੋਣ ਦੀ ਹਿੰਮਤ ਤੇ ਉਨ੍ਹਾਂ ਲੋਕਾਂ ਨੂੰ ਸੁਣਨ ਦੀ ਨਿਮਰਤਾ ਦੀ ਵੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਅਕਸਰ ਸੁਣਿਆ ਨਹੀਂ ਜਾਂਦਾ।


author

Harpreet SIngh

Content Editor

Related News