ਈ-ਵੀਜ਼ਾ ’ਤੇ ਹੀ ਭਾਰਤ ਆ ਸਕਣਗੇ ਅਫ਼ਗਾਨਿਸਤਾਨ ਦੇ ਨਾਗਰਿਕ: ਗ੍ਰਹਿ ਮੰਤਰਾਲਾ

Wednesday, Aug 25, 2021 - 02:00 PM (IST)

ਨਵੀਂ ਦਿੱਲੀ— ਗ੍ਰਹਿ ਮੰਤਰਾਲਾ ਨੇ ਅਫ਼ਗਾਨਿਸਤਾਨ ਵਿਚ ਬਦਲੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਫ਼ੈਸਲਾ ਲਿਆ ਹੈ ਕਿ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਸਿਰਫ਼ ਈ-ਵੀਜ਼ਾ ਦੇ ਆਧਾਰ ’ਤੇ ਹੀ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਫ਼ਗਾਨਿਸਤਾਨ ਦੇ ਨਾਗਰਿਕਾਂ ਦੇ ਪਾਸਪੋਰਟ ਗਾਇਬ ਜਾਂ ਗੁਆਚ ਜਾਣ ਨਾਲ ਸਬੰਧਤ ਰਿਪੋਰਟਾਂ ਆ ਰਹੀਆਂ ਹਨ। ਇਸ ਨੂੰ ਵੇਖਦੇ ਹੋਏ ਅਫ਼ਗਾਨਿਸਤਾਨ ਦੇ ਉਨ੍ਹਾਂ ਸਾਰੇ ਨਾਗਿਰਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਸਾਰੇ ਵੀਜ਼ਾ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਜਾ ਰਹੇ ਹਨ, ਜੋ ਅਜੇ ਭਾਰਤ ’ਚ ਨਹੀਂ ਰਹਿ ਰਹੇ। ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਆਉਣ ਦੇ ਇੱਛੁਕ ਸਾਰੇ ਅਫ਼ਗਾਨੀ ਨਾਗਰਿਕਾਂ ਨੂੰ ਵੀਜ਼ਾ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਦੇ ਆਧਾਰ ’ਤੇ ਉਨ੍ਹਾਂ ਨੂੰ ਈ-ਵੀਜ਼ਾ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਭਾਰਤ ਆ ਸਕਣਗੇ। 

ਦੱਸਣਯੋਗ ਹੈ ਕਿ ਭਾਰਤ ਵਲੋਂ ਪਹਿਲਾਂ ਹੀ ਅਫ਼ਗਾਨਿਸਤਾਨ ਦੇ ਹਾਲਾਤ ਨੂੰ ਵੇਖਦੇ ਹੋਏ ਇਕ ਸਪੈਸ਼ਲ ਈ-ਵੀਜ਼ਾ ਕੈਟੇਗਰੀ ਬਣਾ ਦਿੱਤੀ ਹੈ। ਅਫ਼ਗਾਨ ਨਾਗਰਿਕਾਂ ਲਈ ‘e-Emergency X-Misc Visa’ ਬਣਾਇਆ ਗਿਆ ਹੈ, ਤਾਂ ਕਿ ਉਨ੍ਹਾਂ ਦੀ ਬੇਨਤੀ ਨੂੰ ਛੇਤੀ ਵੇਖਿਆ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਭਾਰਤ ਦੇ ਸਾਰੇ ਡਿਪਲੋਮੈਟਿਕ ਅਦਾਰੇ ਬੰਦ ਹਨ, ਇਸ ਲਈ ਐਪਲੀਕੇਸ਼ਨਾਂ ਦੀ ਛਾਣਬੀਣ ਅਤੇ ਇਸ ’ਤੇ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਕੰਮ ਨਵੀਂ ਦਿੱਲੀ ਵਿਚ ਹੋਵੇਗਾ। ‘ਐਮਰਜੈਂਸੀ ਅਤੇ ਹੋਰ ਵੀਜ਼ਾ’ ਸ਼ੁਰੂਆਤ ਵਿਚ 6 ਮਹੀਨੇ ਲਈ ਕਾਨੂੰਨੀ ਹੋਵੇਗਾ। ਸਾਰੇ ਅਫ਼ਗਾਨ ਨਾਗਰਿਕ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੋਣ, ਇਸ ਯਾਤਰਾ ਦਸਤਾਵੇਜ਼ ਲਈ ਅਪਲਾਈ ਕਰ ਸਕਦੇ ਹਨ।

ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਮਗਰੋਂ ਕਾਬੁਲ ਹਵਾਈ ਅੱਡੇ ’ਤੇ ਵੱਡੀ ਗਿਣਤੀ ਵਿਚ ਲੋਕ ਦੇਸ਼ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵਿਚ ਇਕੱਠੇ ਹੋਏ ਹਨ। ਭਾਰਤ ਨੇ ਆਪਣੇ ਡਿਪਲੋਮੈਟਾਂ, ਨਾਗਰਿਕਾਂ ਅਤੇ ਕਈ ਅਫ਼ਗਾਨ ਨਾਗਰਿਕਾਂ, ਜਿਨ੍ਹਾਂ ’ਚ ਦੋ ਸੰਸਦ ਮੈਂਬਰ ਸ਼ਾਮਲ ਹਨ, ਨੂੰ ਵੀ ਅਫ਼ਗਾਨਿਸਤਾਨ ਤੋਂ ਬਾਹਰ ਕੱਢਿਆ ਹੈ। ਸੋਮਵਾਰ ਦੀ ਰਾਤ ਤੱਕ ਅਫ਼ਗਾਨਿਸਤਾਨ ਤੋਂ ਲੱਗਭਗ 730 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ 16 ਅਗਸਤ ਤੋਂ ਸ਼ੁਰੂ ਹੋਈ ਸੀ। ਭਾਰਤ, ਅਮਰੀਕਾ ਅਤੇ ਹੋਰ ਮਿੱਤਰ ਦੇਸ਼ਾਂ ਦੇ ਸਹਿਯੋਗ ਨਾਲ ਨਿਕਾਸੀ ਮੁਹਿੰਮ ਚਲਾ ਰਿਹਾ ਹੈ।


Tanu

Content Editor

Related News