ਸੰਸਦ ਦੀ ਸੁਰੱਖਿਆ ਸੰਭਾਲਣ ਦੀ ਤਿਆਰੀ ’ਚ ਸੀ. ਆਈ. ਐੱਸ. ਐੱਫ.
Thursday, Jul 11, 2024 - 12:46 AM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਰਸਮੀ ਤੌਰ ’ਤੇ ਸੰਸਦ ਭਵਨ ਕੰਪਲੈਕਸ ਦੀ ਸੁਰੱਖਿਆ ਸੰਭਾਲਣ ਦੀ ਤਿਆਰੀ ਕਰ ਰਹੀ ਹੈ। ਇਸ ਦੀ 3300 ਤੋਂ ਵੱਧ ਜਵਾਨਾਂ ਦੀ ਟੁਕੜੀ ਰਸਮੀ ਤੌਰ ’ਤੇ 29 ਅਧਿਕਾਰੀਆਂ ਨਾਲ ਤਾਇਨਾਤ ਕੀਤੀ ਜਾ ਰਹੀ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਉਕਤ 29 ਅਧਿਕਾਰੀ 3317 ਮਰਦ ਤੇ ਮਹਿਲਾ ਮੁਲਾਜ਼ਮਾਂ ਦੀ ਟੁਕੜੀ ਦੀ ਅਗਵਾਈ ਕਰਨਗੇ। ਇਨ੍ਹਾਂ ’ਚ ਇਕ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.), ਇਕ ਸੀਨੀਅਰ ਕਮਾਂਡੈਂਟ, 2 ਕਮਾਂਡੈਂਟ, 7 ਡਿਪਟੀ ਕਮਾਂਡੈਂਟ ਤੇ 18 ਸਹਾਇਕ ਕਮਾਂਡੈਂਟ ਸ਼ਾਮਲ ਹੋਣਗੇ।
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ’ਚੋਂ 2 ਅਧਿਕਾਰੀ ਫਾਇਰ ਬ੍ਰਾਂਚ ਦੇ ਹਨ ਕਿਉਂਕਿ ਫੋਰਸ ਨੇ ਆਪਣੀ ਫਾਇਰ ਫਾਈਟਿੰਗ ਯੂਨਿਟ ਵੀ ਇੱਥੇ ਤਾਇਨਾਤ ਕਰ ਦਿੱਤੀ ਹੈ। ਇਸ ਸਲ ਮਈ ’ਚ ਸੀ. ਆਰ. ਪੀ.ਐਫ. ਅਤੇ ਦਿੱਲੀ ਪੁਲਸ ਤੋਂ ਜ਼ਿੰਮੇਵਾਰੀ ਸੰਭਾਲਣ ਪਿੱਛੋਂ ਉਕਤ ਕੇਂਦਰੀ ਫੋਰਸ ਸੁਤੰਤਰ ਤੌਰ ’ਤੇ ਸੰਸਦ ਭਵਨ ਦੀ ਸੁਰੱਖਿਆ ਕਰੇਗੀ।