ਸਿਨੇਮਾ ਘਰਾਂ ਦੇ ਮਾਲਕਾਂ ਲਈ ਵੱਡੀ ਰਾਹਤ, ਰਾਜ ਸਰਕਾਰ ਨੇ ਲਾਇਸੈਂਸ ਸਬੰਧੀ ਦਿੱਤੀ ਇਹ ਛੋਟ

10/15/2020 10:30:54 AM

ਮੁੰਬਈ (ਬਿਊਰੋ) — ਮਨੋਰੰਜਨ ਜਗਤ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ ਸਿਨੇਮਾ ਘਰਾਂ ਨੂੰ ਲਾਇਸੈਂਸ ਫਰੀ 'ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਸਮਾਚਾਰ ਏਜੰਸੀ ਪੀ. ਟੀ. ਆਈ. ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਇਸ ਇਸ ਬਾਰੇ ਘੋਸ਼ਣਾ ਕੀਤੀ ਸੀ। ਰਾਜ ਸਰਕਾਰ ਦੇ ਫ਼ੈਸਲੇ ਮੁਤਾਬਕ, ਮਲਟੀਪਲੇਕਸ ਤੇ ਸਿਨੇਮਾ ਘਰਾਂ ਨੂੰ 1 ਅਪ੍ਰੈਲ ਤੋਂ 30 ਸਤੰਬਰ ਤੱਕ ਦੀ ਮਿਆਦ ਦੇ ਲਈ ਲਾਇਸੈਂਸ ਫਰੀ ਦੀ ਛੋਟ ਦਿੱਤੀ ਗਈ ਹੈ।
ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਕੋਰੋਨਾ ਤਾਲਾਬੰਦੀ ਕਾਰਨ ਮਲਟੀਪਲੇਕਸ ਤੇ ਸਿਨੇਮਾ ਘਰ ਇਸ ਦੌਰਾਨ ਬੰਦ ਸਨ ਅਤੇ ਇਸ ਛੋਟ ਨਾਲ ਥਿਏਟਰਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਿਨੇਮਾ (ਰੈਗੂਲੇਸ਼ਨ) ਐਕਟ, 1955 ਦੀ ਧਾਰਾ 10 ਦੇ ਤਹਿਤ ਇਹ ਛੋਟ ਦਿੱਤੀ ਗਈ ਹੈ। ਰਾਜ ਸਰਕਾਰ ਨੇ ਸਿਨੇਮਾ ਘਰਾਂ ਨੂੰ ਕੋਵਿਡ 19 ਪ੍ਰੋਟੋਕੋਲ ਦੀਆਂ ਕੁਝ ਸ਼ਰਤਾਂ ਨਾਲ 15 ਅਕਤੂਬਰ ਯਾਨੀ ਕਿ ਅੱਜ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।

ਦੱਸਣਯੋਗ ਹੈ ਕਿ ਲੰਬੇ ਸਮੇਂ ਬਾਅਦ ਖੁੱਲ੍ਹਣ ਜਾ ਰਹੇ ਸਿਨੇਮਾ ਘਰਾਂ 'ਚ ਸ਼ੁਰੂ ਦੇ ਦਿਨਾਂ 'ਚ 'ਕੇਦਾਰਨਾਥ', 'ਥੱਪੜ', 'ਤਾਨਾਜੀ - ਦਿ ਅਨਸੰਗ ਵਾਰੀਅਰ', 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ', 'ਮਲੰਗ' ਤੇ 'ਵਾਰ' ਵਰਗੀਆਂ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ। ਉਥੇ ਹੀ ਜਿਵੇਂ-ਜਿਵੇਂ ਨਵੀਆਂ ਫ਼ਿਲਮਾਂ ਤਿਆਰ ਹੋ ਕੇ ਸਿਨੇਮਾ ਘਰਾਂ 'ਚ ਆਉਣਗੀਆਂ, ਉਂਝ ਹੀ ਪੁਰਾਣੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਘੱਟ ਹੋ ਜਾਵੇਗੀ।

ਦੱਸ ਦਈਏ ਕਿ ਸਰਕਾਰ ਨੇ ਸਿਨੇਮਾ ਘਰਾਂ ਨੂੰ ਇਕ 'ਚ ਸ਼ੋਅ 'ਚ ਸਿਰਫ਼ 50 ਫੀਸਦੀ ਦਰਸ਼ਕਾਂ ਨੂੰ ਹੀ ਆਡੀਟੋਰੀਅਮ 'ਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਹੈ। ਟਿਕਟਾਂ ਤੇ ਖਾਣ-ਪੀਣ ਦੀ ਚੀਜ਼ਾਂ ਜ਼ਿਆਦਾਤਰ ਆਨਲਾਈਨ ਆਰਡਰ ਕੀਤੀਆਂ ਜਾ ਸਕਦੀਆਂ ਹਨ।


sunita

Content Editor

Related News