ਚੀਨੀ ਫ਼ੌਜੀਆਂ ਦੀ ਹਿਮਾਕਤ, ਲੱਦਾਖ ਦੇ ਡੇਮਚੋਕ ’ਚ ਦਾਖ਼ਲ ਹੋ ਕੇ ਲਹਿਰਾਏ ਝੰਡੇ ਅਤੇ ਬੈਨਰ (ਵੀਡੀਓ)

Tuesday, Jul 13, 2021 - 02:57 PM (IST)

ਚੀਨੀ ਫ਼ੌਜੀਆਂ ਦੀ ਹਿਮਾਕਤ, ਲੱਦਾਖ ਦੇ ਡੇਮਚੋਕ ’ਚ ਦਾਖ਼ਲ ਹੋ ਕੇ ਲਹਿਰਾਏ ਝੰਡੇ ਅਤੇ ਬੈਨਰ (ਵੀਡੀਓ)

ਨਵੀਂ ਦਿੱਲੀ/ਬੀਜਿੰਗ: ਚੀਨ ਨੇ LAC (Line of Actual Control) ’ਤੇ ਫਿਰ ਹਿਮਾਕਤ ਕੀਤੀ ਹੈ। ਤਿੱਬਤ ਦੇ ਅਧਿਆਤਮਿਕ ਗੁਰੂ ਦਲਾਈ ਲਾਮਾ ਦਾ ਜਨਮਦਿਨ ਮਨਾਉਣ ਤੋਂ ਭੜਕੇ ਚੀਨ ਦੇ ਕੁੱਝ ਫ਼ੌਜੀਆਂ ਅਤੇ ਨਾਗਰਿਕਾਂ ਨੇ ਪੂਰਬੀ ਲੱਦਾਖ ਦੇ ਡੇਮਚੋਕ ਇਲਾਕੇ ਵਿਚ ਐਲ.ਏ.ਸੀ. ਨੇੜੇ ਸਿੰਧੂ ਨਦੀ ਦੇ ਪਾਰ ਤੋਂ ਝੰਡੇ ਅਤੇ ਬੈਨਰ ਦਿਖਾਏ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰ ਨਰਿੰਦਰ ਮੋਦੀ ਦੇ ਦਲਾਈ ਲਾਮਾ ਨੂੰ ਜਨਮਦਿਨ ਦੀ ਵਧਾਈ ਦੇਣ ਨਾਲ ਚੀਨ ਬੁਰੀ ਤਰ੍ਹਾਂ ਚਿੜ੍ਹਿਆ ਹੋਇਆ ਹੈ।

 

ਸੂਤਰਾਂ ਮੁਤਾਬਕ ਡੇਮਚੋਕ ਨੇੜੇ ਡੋਲਾ ਤਾਮਗੋ ਸਿਥਤ ਕੋਯੁਲ ਪਿੰਡ ਵਿਚ ਕੁੱਝ ਪਿੰਡ ਵਾਸੀ 6 ਜੁਲਾਈ ਨੂੰ ਦਲਾਈ ਲਾਮਾ ਦਾ ਜਨਮਦਿਨ ਮਨਾ ਰਹੇ ਸਨ। ਉਦੋਂ ਕੱਚੀ ਸੜਕ ’ਤੇ ਚੀਨੀ ਫ਼ੌਜੀ ਅਤੇ ਉਥੋਂ ਦੇ ਕੁੱਝ ਨਾਗਰਿਕ ਕਰੀਬ 6 ਵਾਹਨਾਂ ’ਤੇ ਆਏ। ਜਿਸ ਭਾਈਚਾਰਕ ਕੇਂਦਰ ਵਿਚ ਦਲਾਈ ਲਾਮਾ ਦਾ ਜਨਮਦਿਨ ਸਮਾਰੋਹ ਮਨਾਇਆ ਜਾ ਰਿਹਾ ਸੀ, ਉਥੋਂ ਕਰੀਬ 200 ਮੀਟਰ ਦੀ ਦੂਰੀ ’ਤੇ ਚੀਨੀਆਂ ਨੇ ਝੰਡੇ ਅਤੇ ਬੈਨਰ ਦਿਖਾਏ। ਸਥਾਨਕ ਲੋਕਾਂ ਨੇ ਦੱਸਿਆ ਕਿ ਚੀਨੀ ਫ਼ੌਜੀ ਜਿੱਥੇ ਖੜ੍ਹੇ ਹੋ ਕੇ ’ਤੇ ਬੈਨਰ ਦਿਖਾ ਰਹੇ ਸਨ, ਉਹ ਭਾਰਤ ਦੀ ਜ਼ਮੀਨ ਸੀ। ਹਾਲਾਂਕਿ ਅਜੇ ਇਸ ਪੂਰੇ ਮਾਮਲੇ ’ਤੇ ਭਾਰਤੀ ਫ਼ੌਜ ਵੱਲੋਂ ਕੁੱਝ ਵੀ ਨਹੀਂ ਕਿਹਾ ਗਿਆ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸੀ ਦਲਾਈ ਲਾਮਾ ਨੂੰ ਵਧਾਈ
ਦਲਾਈ ਲਾਮਾ ਦੇ 86ਵੇਂ ਜਨਮਦਿਨ ’ਤੇ ਪਿਛਲੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਫੋਨ ’ਤੇ ਵਧਾਈ ਦਿੱਤੀ ਸੀ। 2014 ਵਿਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪਹਿਲੀ ਵਾਰ ਮੋਦੀ ਨੇ ਜਨਤਕ ਤੌਰ ’ਤੇ ਦਲਾਈ ਲਾਮਾ ਨਾਲ ਗੱਲ ਕਰਨ ਦੀ ਪੁਸ਼ਟੀ ਕੀਤੀ ਸੀ। ਇਸ ਜ਼ਰੀਏ ਮੋਦੀ ਨੇ ਚੀਨ ਨੂੰ ਸੰਦੇਸ਼ ਦਿੱਤਾ ਸੀ ਕਿ ਜੇਕਰ ਉਹ ਸੰਵੇਦਨਸ਼ੀਲ ਮੁੱਦਿਆਂ ’ਤੇ ਭਾਰਤ ਨੂੰ ਠੇਸ ਪਹੁੰਚਾ ਸਕਦਾ ਹੈ ਤਾਂ ਭਾਰਤ ਵੀ ਅਜਿਹਾ ਕਰ ਸਕਦਾ ਹੈ।


author

cherry

Content Editor

Related News