ਭੂਟਾਨ ਦੇ ਹਿੱਸੇ ਵਾਲੇ ਡੋਕਲਾਮ 'ਚ ਚੀਨੀ ਸਾਜ਼ਿਸ਼
Wednesday, Jun 17, 2020 - 08:26 PM (IST)
ਨਵੀਂ ਦਿੱਲੀ- ਚੀਨ ਦੀ ਆਪਣੇ ਹੋਰ ਗੁਆਂਢੀ ਦੇਸ਼ ਭੂਟਾਨ ਦੇ ਨਾਲ 470 ਕਿਲੋਮੀਟਰ ਦੀ ਸਰਹੱਦ ਹੈ। ਭੂਟਾਨ ਦੀ ਸਰਹੱਦ ਭਾਰਤ ਦੇ ਨਾਲ ਵੀ ਲੱਗਦੀ ਹੈ। ਚੀਨ ਦਾ ਭੂਟਾਨ ਦੇ ਨਾਲ ਲੰਮੇ ਸਮੇਂ ਤੋਂ ਸਰਹੱਦ ਵਿਵਾਦ ਚੱਲ ਰਿਹਾ ਹੈ ਤੇ ਡੋਕਲਾਮ ਵੀ ਦੋਵਾਂ ਦੇਸ਼ਾਂ ਦੇ ਮੱਧ ਵਿਵਾਦ ਦਾ ਇਕ ਵਿਸ਼ਾ ਹੈ। ਡੋਕਲਾਮ 'ਤੇ ਭੂਟਾਨ ਦੇ ਦਾਅਵੇ ਦਾ ਭਾਰਤ ਸਮਰਥਨ ਕਰਦਾ ਹੈ। ਜੂਨ 2017 ਵਿਚ ਜਦੋਂ ਚੀਨ ਨੇ ਇੱਥੇ ਸੜਕ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਤਾਂ ਭਾਰਤੀ ਫ਼ੌਜੀਆਂ ਨੇ ਉਸ ਨੂੰ ਰੋਕ ਦਿੱਤਾ ਸੀ। ਇੱਥੋਂ ਦੋਵਾਂ ਧਿਰਾਂ ਦੇ ਵਿਚ ਡੋਕਲਾਮ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਭਾਰਤ ਦੀ ਦਲੀਲ ਹੈ ਕਿ ਚੀਨ ਜਿਸ ਸੜਕਾ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਉਸ ਨਾਲ ਸੁਰੱਖਿਆ ਸਮੀਕਰਨ ਬਦਲ ਸਕਦੇ ਹਨ। ਭਾਰਤ ਨੂੰ ਇਹ ਡਰ ਹੈ ਕਿ ਜੇਕਰ ਭਵਿੱਖ ਵਿਚ ਸੰਘਰਸ਼ ਦੀ ਕੋਈ ਸੂਰਤ ਬਣੀ ਤਾਂ ਚੀਨੀ ਫ਼ੌਜੀ ਡੋਕਲਾਮ ਦਾ ਇਸਤੇਮਾਲ ਭਾਰਤ ਦੇ ਸਿਲੀਗੁੜੀ ਲਾਂਘੇ 'ਤੇ ਕਬਜ਼ੇ ਲਈ ਕਰ ਸਕਦੇ ਹਨ। ਸਿਲੀਗੁੜੀ ਲਾਂਘਾ ਭਾਰਤ ਦੇ ਨਕਸ਼ੇ 'ਚ ਮੁਰਗੀ ਦੇ ਗਰਦਨ ਵਰਗਾ ਇਲਾਕਾ ਹੈ ਤੇ ਇਹ ਉੱਤਰ ਪੂਰਬ ਭਾਰਤ ਨੂੰ ਬਾਕੀ ਭਾਰਤ ਨਾਲ ਜੋੜਦਾ ਹੈ।
ਸਮੁੰਦਰੀ ਸਰਹੱਦ ਨੂੰ ਲੈ ਕੇ ਵੀ ਵਿਵਾਦ
ਚੀਨ ਦੇ ਨਾਲ ਵਿਸ਼ਵ ਦੇ 14 ਦੇਸ਼ਾਂ ਦੀਆਂ ਸਰਹੱਦਾਂ ਲੱਗਦੀਆਂ ਹਨ। ਜੋ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਹੈ। ਇਨ੍ਹਾਂ 'ਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਤਾਜਿਕਸਤਾਨ, ਕਿਰਗਿਸਤਾਨ, ਕਜ਼ਾਕਿਸਤਾਨ, ਮੰਗੋਲੀਆ, ਰੂਸ, ਉੱਤਰ ਕੋਰੀਆ, ਵੀਅਤਨਾਮ, ਲਾਓਸ, ਮਿਆਂਮਰ, ਭੂਟਾਨ ਤੇ ਨੇਪਾਲ ਵਰਗੇ ਦੇਸ਼ ਹਨ। ਆਪਣੇ ਜ਼ਿਆਦਾਤਰ ਗੁਆਂਢੀ ਦੇਸ਼ਾਂ ਦੇ ਨਾਲ ਚੀਨ ਦੀ ਸਰਹੱਦ ਵਿਵਾਦ ਬਰਾਬਰ ਚੱਲਦਾ ਰਿਹਾ ਹੈ। ਜ਼ਮੀਨ ਦੀ ਸੀਮਾ ਤੋਂ ਇਲਾਵਾ ਚੀਨ ਦੇ ਨਾਲ ਚਾਰ ਦੇਸ਼ਾਂ (ਜਾਪਾਨ, ਦੱਖਣੀ ਕੋਰੀਆ, ਵੀਅਤਨਾਮ, ਫਿਲੀਪੀਨਜ਼) ਦੀ ਸਮੁੰਦਰੀ ਸਰਹੱਦ ਵੀ ਲੱਗਦੀ ਹੈ। ਇਨ੍ਹਾਂ ਸਮੁੰਦਰੀ ਸਰਹੱਦਾਂ ਨੂੰ ਲੈ ਕੇ ਵੀ ਚੀਨ ਦਾ ਵਿਵਾਦ ਚੱਲਦਾ ਰਹਿਦਾ ਹੈ। ਹਾਲਾਂਕਿ ਚੀਨ ਨੇ ਅਫਗਾਨਿਸਤਾਨ, ਤਾਜਿਕਸਤਾਨ, ਕਜ਼ਾਕਿਸਤਾਨ, ਮਿਆਂਮਰ, ਪਾਕਿਸਤਾਨ ਤੇ ਰੂਸ ਨਾਲ ਆਪਣੇ ਵਿਵਾਦ ਬਹੁਤ ਹੱਦ ਤੱਕ ਸੁਲਝਾ ਲਏ ਹਨ ਪਰ ਕਈ ਦੇਸ਼ਾਂ ਦੇ ਨਾਲ ਉਸਦੇ ਵਿਵਾਦ ਜਾਰੀ ਹਨ।