ਚੀਨ ਦਾ ਬੰਗਲਾਦੇਸ਼ ਨਾਲ ਵਧਦਾ ਪਿਆਰ; ਭਾਰਤ ਨੂੰ ਮੁੜ ਘੇਰਨ ਦੀ ਤਿਆਰੀ

06/25/2020 5:21:23 PM

ਸੰਜੀਵ ਪਾਂਡੇ

ਭੂਗੋਲਿਕ ਰਾਜਨੀਤੀ ਕਹਿੰਦੀ ਹੈ ਕਿ ਜਦੋਂ ਵੱਡੀਆਂ ਸ਼ਕਤੀਆਂ ਦਾ ਆਪਸੀ ਟਕਰਾਅ ਹੁੰਦਾ ਹੈ ਤਾਂ ਛੋਟੇ ਦੇਸ਼ਾਂ ਨੂੰ ਖੂਬ ਮਜ਼ੇ ਲੈਣੇ ਚਾਹੀਦੇ ਹਨ।ਜਦੋਂ ਵੱਡੀਆਂ ਤਾਕਤਾਂ ਇਕ ਦੂਜੇ ਨਾਲ ਟਕਰਾਉਂਦੀਆਂ ਹਨ ਤਾਂ ਛੋਟੀਆਂ ਤਾਕਤਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਉਹ ਇਸਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਵੀ ਕਰਦੀਆਂ ਹਨ।ਹੁਣ ਬੰਗਲਾਦੇਸ਼ ਵੱਲ ਵੇਖੋ, ਭਾਰਤ ਅਤੇ ਚੀਨ ਵਿਚਲੇ ਦਵੰਦ ਦਾ ਖ਼ੂਬ ਮਜ਼ਾ ਲੈ ਰਿਹਾ ਹੈ। ਇੱਧਰ ਲੱਦਾਖ ਵਿੱਚ ਭਾਰਤ-ਚੀਨ ਆਹਮੋ-ਸਾਹਮਣੇ ਹਨ ਤਾਂ ਉੱਧਰ ਇਸ ਟਕਰਾਅ ਦੇ ਦਰਮਿਆਨ ਬੰਗਲਾਦੇਸ਼ ਨੇ ਚੀਨ ਤੋਂ ਇੱਕ ਵੱਡਾ ਆਰਥਿਕ ਲਾਭ ਲਿਆ ਹੈ। ਬੰਗਲਾਦੇਸ਼ ਤੋਂ ਚੀਨ ਨੂੰ ਹੋਣ ਵਾਲੀ ਬਰਾਮਦ ਲਈ ਚੀਨ ਨੇ ਵੱਡੀ ਛੋਟ ਦੀ ਘੋਸ਼ਣਾ ਕੀਤੀ ਹੈ।ਬੰਗਲਾਦੇਸ਼ ਤੋਂ ਚੀਨ ਨੂੰ ਨਿਰਯਾਤ ਕੀਤੇ ਜਾ ਰਹੇ ਸਾਰੇ ਉਤਪਾਦਾਂ ਨੂੰ ਚੀਨ ਨੇ ਕਰ ਮੁਕਤ ਕਰਨ ਦਾ ਐਲਾਨ ਕੀਤਾ ਹੈ।ਇਸ ਨਾਲ ਬੰਗਲਾਦੇਸ਼ ਦੀ ਆਰਥਿਕਤਾ ਨੂੰ ਲਾਭ ਹੋਵੇਗਾ।ਚੀਨ ਦੇ ਕਰ ਕਮਿਸ਼ਨ ਨੇ ਘੋਸ਼ਣਾ ਕੀਤੀ ਹੈ ਕਿ ਬੰਗਲਾਦੇਸ਼ ਤੋਂ ਚੀਨ ਆਉਣ ਵਾਲੇ 97 ਪ੍ਰਤੀਸ਼ਤ ਉਤਪਾਦਾਂ ਨੂੰ ਜ਼ੀਰੋ ਕਰ ਕਲੱਬ ਵਿੱਚ ਪਾ ਦਿੱਤਾ ਗਿਆ ਹੈ।ਇਹ ਫ਼ੈਸਲਾ 1 ਜੁਲਾਈ ਤੋਂ ਲਾਗੂ ਹੋਵੇਗਾ।ਚਾਈਨਾ ਕਰ ਕਮਿਸ਼ਨ ਦੀ ਘੋਸ਼ਣਾ ਤੋਂ ਬਾਅਦ ਬੰਗਲਾਦੇਸ਼ ਤੋਂ ਚੀਨ ਆਉਣ ਵਾਲੇ 8256 ਉਤਪਾਦਾਂ ਨੂੰ ਕਰ ਮੁਕਤ ਕੀਤਾ ਜਾਵੇਗਾ।ਹੁਣ ਤੱਕ ਬੰਗਲਾਦੇਸ਼ ਤੋਂ 3095 ਉਤਪਾਦ ਜ਼ੀਰੋ ਕਰ ਦਾ ਲਾਭ ਪ੍ਰਾਪਤ ਕਰ ਰਹੇ ਹਨ।ਹਾਲ ਹੀ ਵਿੱਚ, ਇੰਡੋਨੇਸ਼ੀਆ ਵਿੱਚ ਆਯੋਜਿਤ ਏਸ਼ੀਅਨ-ਅਫਰੀਕੀ ਬੈਠਕ ਵਿੱਚ, ਚੀਨ ਨੇ ਘੱਟ ਵਿਕਸਤ ਦੇਸ਼ਾਂ ਨੂੰ ਚੀਨੀ ਬਾਜ਼ਾਰ ਵਿੱਚ ਕਰ ਮੁਕਤ ਪਹੁੰਚ ਦੇਣ ਦਾ ਵਾਅਦਾ ਕੀਤਾ ਸੀ।

ਚੀਨ ਦੀ ਦੱਖਣੀ ਏਸ਼ੀਆ ਕੂਟਨੀਤੀ ਹਮਲਾਵਰ ਹੋ ਗਈ ਹੈ।ਹਾਲ ਹੀ ਵਿਚ ਚੀਨ ਦੇ ਇਸ਼ਾਰੇ 'ਤੇ ਨੇਪਾਲ ਨੇ ਭਾਰਤ ਖ਼ਿਲਾਫ਼ ਇਕ ਮੋਰਚਾ ਖੋਲ੍ਹਿਆ। ਹੁਣ ਚੀਨ ਭਾਰਤ ਦੇ ਇਕ ਹੋਰ ਗੁਆਂਢੀ ਬੰਗਲਾਦੇਸ਼ ਨੂੰ ਵੀ ਕਈ ਤਰ੍ਹਾਂ ਦੇ ਲਾਲਚ ਦੇ ਰਿਹਾ ਹੈ।ਹਾਲਾਂਕਿ, ਚੀਨ ਬੰਗਲਾਦੇਸ਼ 'ਤੇ ਬਹੁਤ ਲੰਬੇ ਸਮੇਂ ਤੋਂ ਨਜ਼ਰ ਰੱਖ ਰਿਹਾ ਹੈ।ਆਰਥਿਕ ਅਤੇ ਸੈਨਿਕ ਮੋਰਚੇ 'ਤੇ ਪਿਛਲੇ ਕੁਝ ਸਾਲਾਂ ਵਿੱਚ ਬੰਗਲਾਦੇਸ਼ ਅਤੇ ਚੀਨ ਵਿਚਕਾਰ ਸੰਬੰਧ ਕਾਫ਼ੀ ਮਜ਼ਬੂਤ ​​ਹੋਏ ਹਨ।ਪਰ ਭਾਰਤ-ਚੀਨ ਸਰਹੱਦ ਦੇ ਲੱਦਾਖ ਖੇਤਰ ਵਿੱਚ ਤਣਾਅ ਦੌਰਾਨ, ਚੀਨ ਨੇ ਬੰਗਲਾਦੇਸ਼ ਨੂੰ ਕਰ ਛੋਟ ਦੇ ਕੇ ਭਾਰਤ ਨੂੰ ਹਰ ਪਾਸਿਓਂ ਘੇਰਨ ਦਾ ਸਪੱਸ਼ਟ ਸੰਕੇਤ ਦਿੱਤਾ ਹੈ।ਚੀਨ ਨੇ ਸੰਕੇਤ ਦਿੱਤਾ ਕਿ ਬੰਗਲਾਦੇਸ਼ ਹੁਣ ਚੀਨ ਦੀਆਂ ਸਰਗਰਮੀਆਂ ਦਾ ਇੱਕ ਵੱਡਾ ਕੇਂਦਰ ਹੋਵੇਗਾ।ਬੰਗਲਾਦੇਸ਼ ਅੰਦਰ ਚੱਲ ਰਹੀਆਂ ਆਰਥਿਕ ਗਤੀਵਿਧੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਮੇਂ ਬੰਗਲਾਦੇਸ਼ ਚੀਨ ਲਈ ਕਿੰਨਾ ਮਹੱਤਵਪੂਰਣ ਹੈ। ਬੰਗਲਾਦੇਸ਼ ਚੀਨ ਦੇ ਨਿਵੇਸ਼ ਦਾ ਇਕ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ।ਚੀਨ ਦੀਆਂ 200 ਵੱਡੀਆਂ ਅਤੇ 200 ਮੱਧਮ ਜਾਂ ਛੋਟੀਆਂ ਕੰਪਨੀਆਂ ਨੇ ਬੰਗਲਾਦੇਸ਼ ਵਿਚ ਨਿਵੇਸ਼ ਕੀਤਾ ਹੈ।ਚੀਨੀ ਕੰਪਨੀਆਂ ਬੰਗਲਾਦੇਸ਼ ਵਿੱਚ ਤੇਜ਼ੀ ਨਾਲ ਆਪਣੇ ਪੈਰ ਪਾਸਾਰ ਰਹੀਆਂ ਹਨ।ਬੰਗਲਾਦੇਸ਼ ਦੇ ਬਹੁਤ ਸਾਰੇ ਮੁੱਢਲੇ ਪ੍ਰਾਜੈਕਟਾਂ ਵਿਚ ਚੀਨੀ ਕੰਪਨੀਆਂ ਦਾ ਨਿਵੇਸ਼ ਹੈ।

ਸਾਲ 2016 ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬੰਗਲਾਦੇਸ਼ ਗਏ ਸਨ।ਇਸ ਦੌਰੇ ਦੌਰਾਨ ਚੀਨ ਨੇ ਬੰਗਲਾਦੇਸ਼ ਨਾਲ 24 ਬਿਲੀਅਨ ਡਾਲਰ ਦੇ ਨਿਵੇਸ਼ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।ਜਿਨਪਿੰਗ ਦੇ ਦੌਰੇ ਤੋਂ ਪਹਿਲਾਂ ਵੀ ਚੀਨ 13 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕਰ ਚੁੱਕਾ ਸੀ।ਜੇ ਇਹ ਦੋਵੇਂ ਨਿਵੇਸ਼ ਮਿਲਾਏ ਜਾਣ ਤਾਂ ਬੰਗਲਾਦੇਸ਼ ਵਿੱਚ ਚੀਨ ਦਾ ਕੁਲ ਨਿਵੇਸ਼ 37 ਬਿਲੀਅਨ ਡਾਲਰ ਤੱਕ ਪਹੁੰਚ ਚੁੱਕਾ ਹੈ।ਚੀਨ ਅਤੇ ਬੰਗਲਾਦੇਸ਼ ਵਿਚਾਲੇ ਦੁਵੱਲਾ ਵਪਾਰ ਵੀ ਤੇਜ਼ੀ ਨਾਲ ਵਧਿਆ ਹੈ। ਸਾਲ 2017-18 ਵਿਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ 12.40 ਅਰਬ ਡਾਲਰ ਦਾ ਸੀ।ਹੁਣ ਇਹ ਵਪਾਰ 21 ਅਰਬ ਡਾਲਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ।ਬੰਗਲਾਦੇਸ਼ ਇਸ ਸਮੇਂ ਰੈਡੀਮੇਡ ਕੱਪੜਿਆਂ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਹੈ।ਚੀਨ ਨੇ ਬੰਗਲਾਦੇਸ਼ ਨੂੰ ਰੈਡੀਮੇਡ ਕੱਪੜਿਆਂ ਦੇ ਸੈਕਟਰ ਵਿਚ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ।ਚੀਨ, ਬੰਗਲਾਦੇਸ਼ ਦੇ ਰੈਡੀਮੇਡ ਕੱਪੜੇ ਦੇ ਉਦਯੋਗ ਨੂੰ ਉੱਚ ਦਰਜੇ ਦੀ ਤਕਨੀਕ ਵੀ ਪ੍ਰਦਾਨ ਕਰ ਰਿਹਾ ਹੈ।

ਬੰਗਲਾਦੇਸ਼ ਆਪਣੀ ਮਹੱਤਵਪੂਰਣ ਭੂ-ਨੀਤੀਗਤ ਸਥਿਤੀ ਦਾ ਲਾਭ ਲੈ ਰਿਹਾ ਹੈ। ਦੂਜੇ ਪਾਸੇ ਚੀਨ ਆਪਣੀ ਰਣਨੀਤੀ ਅਨੁਸਾਰ ਬੰਗਲਾਦੇਸ਼ ਦੀ ਭੂ-ਰਣਨੀਤਕ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ।ਚੀਨ ਬੰਗਲਾਦੇਸ਼ ਦੇ ਰਸਤੇ ਸਿੱਧਾ ਬੰਗਾਲ ਦੀ ਖਾੜੀ ਤੱਕ ਪਹੁੰਚਣਾ ਚਾਹੁੰਦਾ ਹੈ,ਤਾਂ ਜੋ ਭਾਰਤ ਨੂੰ ਬੰਗਾਲ ਦੀ ਖਾੜੀ ਵਿੱਚ ਘੇਰਿਆ ਜਾ ਸਕੇ।ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਚੀਨ ਪਾਕਿਸਤਾਨ ਦੇ ਗਵਾਦਰ ਦੇ ਰਸਤੇ ਅਰਬ ਸਾਗਰ ਤੱਕ ਪਹੁੰਚ ਚੁੱਕਾ ਹੈ।ਚੀਨ ਇਸੇ ਤਰਜ਼ ’ਤੇ ਭਾਰਤ ਨੂੰ ਬੰਗਾਲ ਦੀ ਖਾੜੀ ਵਿੱਚ ਘੇਰਨਾ ਚਾਹੁੰਦਾ ਹੈ।ਚੀਨ ਦੇ ਕੁਨਮਿੰਗ ਤੋਂ ਚਟਗਾਉਂ ਤੱਕ ਇਕ ਰਾਜਮਾਰਗ ਵਿਕਸਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। 900 ਕਿਲੋਮੀਟਰ ਰਾਜਮਾਰਗ ਬਣਨ ਤੋਂ ਬਾਅਦ  ਚੀਨ ਦੀ ਬੰਗਾਲ ਦੀ ਖਾੜੀ ਤੱਕ ਸਿੱਧੀ ਪਹੁੰਚ ਹੋ ਜਾਵੇਗੀ।ਬੰਗਲਾਦੇਸ਼ ਦਾ ਤਰਕ ਹੈ ਕਿ ਹੁਣ ਤੱਕ ਬੰਗਲਾਦੇਸ਼ ਅਤੇ ਚੀਨ ਵਿਚਾਲੇ ਵਪਾਰ ਦਾ ਰਸਤਾ ਸਮੁੰਦਰੀ ਹੈ।ਇਹ ਮਾਰਗ ਲੰਬਾ ਅਤੇ ਮਹਿੰਗਾ ਹੈ।ਚੀਨ ਦੇ ਪੂਰਬੀ ਤੱਟ ਤੋਂ ਬੰਗਲਾਦੇਸ਼ ਨਾਲ ਵਾਪਾਰ ਹੁੰਦਾ ਹੈ ਜੋ ਸਮੁੰਦਰ ਮਾਰਗ ਹੋਣ ਕਾਰਨ ਮਹਿੰਗਾ ਹੈ।ਜੇ ਮਿਆਂਮਾਰ ਰਾਹੀਂ ਦੋਵਾਂ ਦੇਸ਼ਾਂ ਵਿਚਾਲੇ ਰਾਜਮਾਰਗ ਰਾਹੀਂ ਵਪਾਰ ਹੁੰਦਾ ਹੈ ਤਾਂ ਆਵਾਜਾਈ ਦੇ ਖਰਚੇ ਕਾਫ਼ੀ ਘੱਟ ਹੋ ਜਾਣਗੇ।ਜੇ ਭਾਰਤ-ਚੀਨ ਦੇ ਸਬੰਧ ਚੰਗੇ ਹਨ ਤਾਂ ਪ੍ਰਸਤਾਵਿਤ ਕੁਨਮਿੰਗ-ਚਟਗਾਓਂ ਰਾਜਮਾਰਗ ਵੀ ਭਾਰਤ ਲਈ ਫਾਇਦੇਮੰਦ ਰਹੇਗਾ।ਪਰ ਸੰਬੰਧ ਵਿਗੜਣ ਦੀ ਸਥਿਤੀ ਵਿਚ ਚੀਨ ਇਸ ਰਾਜਮਾਰਗ ਦੀ ਵਰਤੋਂ ਭਾਰਤ ਦੇ ਵਿਰੁੱਧ ਕਰੇਗਾ।

ਹਾਲਾਂਕਿ ਬੰਗਲਾਦੇਸ਼ ਸਭਿਆਚਾਰਕ ਅਤੇ ਇਤਿਹਾਸਕ ਤੌਰ 'ਤੇ ਭਾਰਤ ਨਾਲ ਜੁੜਿਆ ਹੋਇਆ ਹੈ। ਬੰਗਲਾਦੇਸ਼ ਨੂੰ ਅਜ਼ਾਦ ਵੀ ਭਾਰਤ ਨੇ ਕਰਵਾਇਆ ਸੀ।ਪਰ ਭੂ-ਰਾਜਨੀਤੀ ਵਿਚ ਭਾਵਨਾ ਦਾ ਕੋਈ ਸਥਾਨ ਨਹੀਂ ਹੁੰਦਾ। ਭੂ-ਰਾਜਨੀਤੀ ਵਿਚ ਸਮੇਂ ਦੀ ਅਸਲੀਅਤ ਨੂੰ ਜਗ੍ਹਾ ਮਿਲਦੀ ਹੈ।ਬੰਗਲਾਦੇਸ਼ ਦੀ ਕੂਟਨੀਤੀ ਭਾਵਨਾ 'ਤੇ ਨਹੀਂ ਸਮੇਂ ਦੇ ਯਥਾਰਥ `ਤੇ ਨਿਰਭਰ ਹੈ।ਬੰਗਲਾਦੇਸ਼ ਚੰਗੀ ਤਰ੍ਹਾਂ ਜਾਣਦਾ ਹੈ ਕਿ ਆਰਥਿਕ ਵਿਕਾਸ ਲਈ ਨਿਵੇਸ਼ ਦੀ ਲੋੜ ਹੈ।ਇਸ ਸਮੇਂ ਚੀਨ ਪੂਰੀ ਦੁਨੀਆ ਵਿਚ ਨਿਵੇਸ਼ ਕਰ ਰਿਹਾ ਹੈ।ਬੰਗਲਾਦੇਸ਼ ਦੀ ਕੁਲ ਦਰਾਮਦ ਦਾ 34 ਪ੍ਰਤੀਸ਼ਤ ਦਰਾਮਦ ਚੀਨ ਤੋਂ ਹੈ।ਇਸ ਲਈ ਬੰਗਲਾਦੇਸ਼ ਕਿਸੇ ਵੀ ਕੀਮਤ 'ਤੇ ਚੀਨ ਨਾਲ ਆਪਣੇ ਸੰਬੰਧ ਖ਼ਰਾਬ ਨਹੀਂ ਕਰੇਗਾ।ਬੰਗਲਾਦੇਸ਼ ਨੂੰ ਚੀਨ ਤੋਂ ਕਾਫ਼ੀ ਨਿਵੇਸ਼ ਮਿਲਿਆ ਹੈ।ਬੰਗਲਾਦੇਸ਼ ਨੂੰ ਲਗਦਾ ਹੈ ਕਿ ਚੀਨ ਦਾ ਨਿਵੇਸ਼ ਬੰਗਲਾਦੇਸ਼ ਦੇ ਨਿਰਯਾਤ ਨੂੰ ਹੋਰ ਮਜ਼ਬੂਤ ​​ਕਰੇਗਾ।ਬੰਗਲਾਦੇਸ਼ 2023-24 ਤੱਕ ਆਪਣਾ ਕੁਲ ਸਲਾਨਾ ਬਰਾਮਦ 72 ਅਰਬ ਡਾਲਰ  ਕਰਨਾ ਚਾਹੁੰਦਾ ਹੈ।ਬੰਗਲਾਦੇਸ਼ ਦਾ 2017-18 ਵਿਚ ਕੁੱਲ ਬਰਾਮਦ 36.67 ਅਰਬ ਡਾਲਰ ਸੀ।ਬੰਗਲਾਦੇਸ਼ ਨੂੰ ਬਰਾਮਦ ਵਧਾਉਣ ਲਈ ਨਿਵੇਸ਼ ਦੀ ਲੋੜ ਹੈ।ਚੀਨ ਵਿਚ ਨਿਵੇਸ਼ ਕਰਨ ਦੀ ਤਾਕਤ ਹੈ।

ਇਸ ਸਮੇਂ ਚੀਨ ਅਤੇ ਬੰਗਲਾਦੇਸ਼ ਵਿਚਕਾਰ ਰੱਖਿਆ ਸਹਿਯੋਗ ਬਹੁਤ ਮਜ਼ਬੂਤ ​​ਹੋ ਗਿਆ ਹੈ। ਭਾਰਤ ਵੱਲੋਂ ਇਸ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ।ਜਦੋਂ ਕਿ ਬੰਗਲਾਦੇਸ਼ ਇਸ ਸਮੇਂ ਚੀਨੀ ਹਥਿਆਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ।ਇਸ ਸਮੇਂ ਚੀਨ ਨੂੰ ਆਪਣੇ ਹਥਿਆਰ ਵੇਚਣ ਲਈ ਬੰਗਲਾਦੇਸ਼ ਢੁੱਕਵਾਂ ਬਾਜ਼ਾਰ ਜਾਪਦਾ ਹੈ।ਜੇ ਅੰਕੜਿਆਂ ਦਾ ਅਧਿਐਨ ਕਰੀਏ  ਤਾਂ ਚੀਨ ਨੇ ਆਪਣੀ ਕੁਲ ਹਥਿਆਰਾਂ ਦੀ ਵਿਕਰੀ ਦਾ 20 ਪ੍ਰਤੀਸ਼ਤ ਬੰਗਲਾਦੇਸ਼ ਨੂੰ ਵੇਚ ਦਿੱਤਾ ਹੈ।ਚੀਨ ਨੇ ਬੰਗਲਾਦੇਸ਼ ਨੂੰ ਹੁਣ ਤੱਕ 5 ਸਮੁੰਦਰੀ ਪੈਟਰੋਲ ਵਾਹਨ, 2 ਪਣਡੁੱਬੀਆਂ, 16 ਲੜਾਕੂ ਜਹਾਜ਼, 44 ਟੈਂਕ ਮੁਹੱਈਆ ਕਰਵਾਏ ਹਨ।ਇੰਨਾ ਹੀ ਨਹੀਂ ਚੀਨ ਨੇ ਬੰਗਲਾਦੇਸ਼ ਨੂੰ ਜ਼ਮੀਨ ਤੋਂ ਹਵਾ `ਚ ਮਾਰ ਕਰਨ ਵਾਲੀ ਮਿਜ਼ਾਈਲ ਵੀ ਦਿੱਤੀ ਹੈ। ਚੀਨ ਬੰਗਲਾਦੇਸ਼ ਨੂੰ ਬਾਜ਼ਾਰ ਤੋਂ ਸਸਤੇ ਹਥਿਆਰ ਮੁਹੱਈਆ ਕਰਾਉਣ ਦਾ ਦਾਅਵਾ ਵੀ ਕਰ ਰਿਹਾ ਹੈ।ਦਰਅਸਲ  ਬੰਗਲਾਦੇਸ਼ ਦੀ ਆਰਥਿਕਤਾ ਇਸ ਸਮੇਂ ਚੰਗਾ ਵਿਕਾਸ ਕਰ ਰਹੀ ਹੈ।ਅਜਿਹੇ ਮੌਕੇ ਬੰਗਲਾਦੇਸ਼ ਕੋਲ ਹਥਿਆਰ ਖਰੀਦਣ ਲਈ ਪੈਸੇ ਵੀ ਹਨ ।ਕਿਸੇ ਸਮੇਂ ਕਰਜ਼ੇ ਦਾ ਬਜਟ ਪੇਸ਼ ਕਰਨ ਵਾਲਾ ਬੰਗਲਾਦੇਸ਼, ਮੌਜੂਦਾ ਸਮੇਂ ਵਿੱਚ ਦੱਖਣੀ ਏਸ਼ੀਆ ਵਿੱਚ ਇੱਕ ਚੰਗੀ ਆਰਥਿਕ ਸ਼ਕਤੀ ਵਜੋਂ ਉੱਭਰ ਰਿਹਾ ਹੈ।


Harnek Seechewal

Content Editor

Related News