‘ਸਲਾਮੀ ਸਲਾਈਸਿੰਗ’ ਤਕਨੀਕ ਨਾਲ ਗੁਆਂਢੀਆਂ ਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ ਚੀਨ

Monday, Feb 07, 2022 - 11:48 AM (IST)

‘ਸਲਾਮੀ ਸਲਾਈਸਿੰਗ’ ਤਕਨੀਕ ਨਾਲ ਗੁਆਂਢੀਆਂ ਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ ਚੀਨ

ਨਵੀਂ ਦਿੱਲੀ- ਚੀਨ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਜਿਉਂ ਦੀ ਤਿਉਂ ਸਥਿਤੀ ਨੂੰ ਬਦਲਣ ਲਈ ‘ਸਲਾਮੀ ਸਲਾਈਸਿੰਗ’ ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਉਹ ਸਰਹੱਦੀ ਇਲਾਕਿਆਂ ’ਚ ਗੁਆਂਢੀਆਂ ਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ। ਇਸ ’ਚ ਉਹ ਹਮਲਾਵਰ ਐਕਸ਼ਨ ਰਾਹੀਂ ਦੂਜੇ ਦਾਅਵੇਦਾਰਾਂ ਦਾ ਟੈਸਟ ਲੈਂਦਾ ਹੈ। ਫਿਰ ਮੁਕਾਬਲੇ ਦਾ ਸਾਹਮਣਾ ਕਰਨ ’ਤੇ ਪਿੱਛੇ ਹੱਟ ਜਾਂਦਾ ਹੈ। ਚੀਨ ਨੇ ‘ਸਲਾਮੀ ਸਲਾਈਸਿੰਗ’ ਤਕਨੀਕ ਅਧੀਨ ਨੇਪਾਲ ਅਤੇ ਭੂਟਾਨ ਦੇ ਸਰਹੱਦੀ ਇਲਾਕਿਆਂ ’ਚ ਕਈ ਕਸਬਿਆਂ ਦਾ ਪਸਾਰ ਵੀ ਕੀਤਾ ਹੈ। ਅਸਲ ’ਚ ਭਾਰਤ ਵਰਗੇ ਆਪਣੇ ਗੁਆਂਢੀਆਂ ਨਾਲ ਵਧਦੇ ਖਿਚਾਅ ਦਰਮਿਆਨ ਚੀਨ ਨੇ ਅਕਤੂਬਰ 2021 ’ਚ ਜ਼ਮੀਨੀ ਸਰਹੱਦੀ ਕਾਨੂੰਨ ਨੂੰ ਅਪਣਾਇਆ ਸੀ ਜੋ 1 ਜਨਵਰੀ 2022 ਨੂੰ ਲਾਗੂ ਹੋਇਆ।

ਨੀਤੀ ਖੋਜ ਗਰੁੱਪ ਮੁਤਾਬਕ ਇਹ ਕਾਨੂੰਨ ਕਾਫੀ ਤਿੱਖਾ ਅਤੇ ਭੜਕਾਊ ਲੱਗਦਾ ਹੈ। ਇਸ ਰਾਹੀਂ ਚੀਨ ਨੇ ਦਾਅਵਾ ਕੀਤਾ ਕਿ ਉਹ ਆਪਣੀ ਪ੍ਰਭੂਸੱਤਾ ਅਤੇ ਸਰਹੱਦ ਦੀ ਮਜ਼ਬੂਤੀ ਨਾਲ ਰਾਖੀ ਕਰੇਗਾ। ਨਾਲ ਹੀ ਇਹ ਵਿਦੇਸ਼ ਮੰਤਰਾਲਾ, ਜਨਤਕ ਸੁਰੱਖਿਆ, ਕਸਟਮ ਡਿਊਟੀ, ਇਮੀਗ੍ਰੇਸ਼ਨ ਪ੍ਰਸ਼ਾਸਨ ਅਤੇ ਸਥਾਨਕ ਸਰਕਾਰਾਂ ਸਮੇਤ ਪ੍ਰਮੁੱਖ ਚੀਨੀ ਅਧਿਕਾਰੀਆਂ ਦਰਮਿਆਨ ਤਾਲਮੇਲ ਪੈਦਾ ਕਰਦਾ ਹੈ। ਰਿਪੋਰਟ ਮੁਤਾਬਕ ਇਹ ਕਹਿਣ ਦੀ ਕੋਈ ਲੋੜ ਨਹੀਂ ਕਿ ਜ਼ਮੀਨ ਅਤੇ ਸਰਹੱਦ ਦੀ ਰਾਖੀ ’ਚ ਸੀ.ਐੱਮ.ਆਈ. ਦੀ ਰਣਨੀਤੀ ਦਾ ਭਾਰਤ ’ਤੇ ਉਲਟਾ ਅਸਰ ਹੋ ਸਕਦਾ ਹੈ। ਉਦਾਹਰਣ ਵਜੋਂ ਚੀਨ ਦੀ ਫੌਜ ਭਾਰਤ ਵਲੋਂ ਆਪਣੀ ਸਰਹੱਦ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਰੋਕ ਸਕਦੀ ਹੈ।

ਇਸ ਤੋਂ ਇਲਾਵਾ ਚੀਨ ਦੀ ਕਮਿਊਨਿਸਟ ਪਾਰਟੀ ਤਿੱਬਤੀ ਖਾਨਾਬਦੋਸ਼ਾਂ ਨੂੰ ਸਰਹੱਦੀ ਜ਼ਿਲਿਆਂ ਦੇ ਪਿੰਡਾਂ ਵੱਲ ਵੀ ਧਕ ਰਹੀ ਹੈ। ਸ਼ਿਗਾਤਸੇ ਅਤੇ ਲਹੋਕਾ ਵਰਗੇ ਪ੍ਰਮੁੱਖ ਸਰਹੱਦੀ ਸੂਬਿਆਂ ਨੂੰ ਤਿੱਬਤੀ ਖੁਦਮੁਖਤਾਰ ਖੇਤਰ ’ਚ ਚੀਨੀ ਜ਼ੋਨ ’ਚ ਬਦਲ ਰਹੀ ਹੈ।

ਕੀ ਹੈ ਸਲਾਮੀ ਸਲਾਈਸਿੰਗ

ਸਲਾਮੀ ਸਲਾਈਸਿੰਗ ਦਾ ਮਤਲਬ ਗੁਆਂਢੀ ਦੇਸ਼ ਵਿਰੁੱਧ ਛੋਟੇ-ਛੋਟੇ ਫੌਜੀ ਆਪ੍ਰੇਸ਼ਨ ਚਲਾ ਕੇ ਕਿਸੇ ਵੱਡੇ ਇਲਾਕੇ ’ਤੇ ਕਬਜ਼ਾ ਕਰਨਾ ਹੈ। ਇਸ ਤਰ੍ਹਾਂ ਦੇ ਆਪ੍ਰੇਸ਼ਨ ਇੰਨੇ ਛੋਟੇ ਪੱਧਰ ’ਤੇ ਕੀਤੇ ਜਾਂਦੇ ਹਨ ਕਿ ਇਨ੍ਹਾਂ ਕਾਰਨ ਜੰਗ ਹੋਣ ਦਾ ਖਤਰਾ ਨਹੀਂ ਰਹਿੰਦਾ ਪਰ ਗੁਆਂਢੀ ਦੇਸ਼ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਸ ਦਾ ਜਵਾਬ ਕਿਵੇਂ ਦਿੱਤਾ ਜਾਏ?


author

Tanu

Content Editor

Related News