ਬੱਚੀਆਂ ਨਾਲ ਜਿਨਸੀ ਸ਼ੋਸ਼ਣ ਮਾਮਲਾ: 24 ਅਗਸਤ ਨੂੰ ''ਮਹਾਰਾਸ਼ਟਰ ਬੰਦ''

Wednesday, Aug 21, 2024 - 04:49 PM (IST)

ਮੁੰਬਈ- ਮਹਾਰਾਸ਼ਟਰ ਵਿਚ ਵਿਰੋਧੀ ਗਠਜੋੜ ਮਹਾਵਿਕਾਸ ਆਘਾੜੀ (MVA) ਨੇ ਬੁੱਧਵਾਰ ਨੂੰ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਸਥਿਤ ਇਕ ਸਕੂਲ ਦੀਆਂ ਦੋ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਦੇ ਵਿਰੋਧ ਵਿਚ 24 ਅਗਸਤ ਨੂੰ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਹੈ। ਸੂਬਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਨੇ ਕਿਹਾ ਕਿ MVA ਦੇ ਹਿੱਸੇਦਾਰ ਕਾਂਗਰਸ, ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ (ਸ਼ਿਵ ਸੈਨਾ-ਯੂਬੀਟੀ) ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ (ਐਨਸੀਪੀ-ਐਸਪੀ) ਨੇ ਇੱਥੇ ਇਕ ਮੀਟਿੰਗ ਵਿਚ ਇਹ ਫੈਸਲਾ ਲਿਆ। ਉਨ੍ਹਾਂ ਕਿਹਾ ਕਿ MVA ਦੀਆਂ ਸਾਰੀਆਂ ਸਹਿਯੋਗੀ ਪਾਰਟੀਆਂ 24 ਅਗਸਤ ਨੂੰ ਬੰਦ ਵਿਚ ਹਿੱਸਾ ਲੈਣਗੀਆਂ।

ਉਨ੍ਹਾਂ ਕਿਹਾ ਕਿ ਅਸੀਂ ਸੂਬੇ ਵਿਚ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਾਰੇ ਮੋਰਚਿਆਂ 'ਤੇ ਨਾਕਾਮ ਰਹਿਣ 'ਤੇ ਚਰਚਾ ਕੀਤੀ। ਇਸ ਦਰਮਿਆਨ ਕਾਂਗਰਸ ਦੀ ਮੁੰਬਈ ਇਕਾਈ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਬਦਲਾਪੁਰ ਦੀ ਘਟਨਾ ਨੂੰ ਲੈ ਕੇ ਸੂਬਾ ਸਕੱਤਰੇਤ ਮੰਤਰਾਲਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। ਵਿਰੋਧ ਪ੍ਰਦਰਸ਼ਨ ਦੌਰਾਨ ਵਿਜੇ ਅਤੇ ਕੁਝ ਹੋਰ ਕਾਂਗਰਸੀ ਨੇਤਾ ਵੀ ਮੌਜੂਦ ਰਹੇ। ਮੰਤਰਾਲਾ ਦੇ ਗੇਟ ਦੇ ਬਾਹਰ ਤਖਤੀਆਂ ਫੜੇ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨੇ FIR 'ਚ ਦੇਰੀ ਲਈ ਸਰਕਾਰ ਖਿਲਾਫ਼ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਕੰਪਲੈਕਸ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ।

ਦੱਸਣਯੋਗ ਹੈ ਕਿ ਪੁਲਸ ਨੇ 17 ਅਗਸਤ ਨੂੰ ਬਦਲਾਪੁਰ ਦੇ ਇਕ ਸਕੂਲ ਵਿਚ 4 ਸਾਲ ਦੀਆਂ ਦੋ ਬੱਚੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਸਕੂਲ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮੁਤਾਬਕ ਦੋਸ਼ੀ ਨੇ ਸਕੂਲ ਦੇ ਪਖ਼ਾਨੇ ਵਿਚ ਬੱਚੀਆਂ ਦਾ ਜਿਨਸੀ ਸ਼ੋਸ਼ਣ ਕੀਤਾ।  ਇਸ ਘਟਨਾ ਦੇ ਵਿਰੋਧ 'ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਬਦਲਾਪੁਰ ਸਟੇਸ਼ਨ 'ਤੇ ਰੇਲਵੇ ਟ੍ਰੈਕ 'ਤੇ ਜਾਮ ਲਗਾ ਦਿੱਤਾ ਅਤੇ ਸਕੂਲ ਦੀ ਇਮਾਰਤ ਦੀ ਭੰਨਤੋੜ ਕੀਤੀ।


Tanu

Content Editor

Related News