14 ਸਾਲ ਦੀ ਧੀ ਦੇ ਵਿਆਹ ਦੀਆਂ ਮਾਪੇ ਕਰ ਰਹੇ ਸਨ ਤਿਆਰੀਆਂ, ਪੁਲਸ ਨੇ ਰੁਕਵਾਈਆਂ ਰਸਮਾਂ

Sunday, Nov 17, 2019 - 05:08 PM (IST)

14 ਸਾਲ ਦੀ ਧੀ ਦੇ ਵਿਆਹ ਦੀਆਂ ਮਾਪੇ ਕਰ ਰਹੇ ਸਨ ਤਿਆਰੀਆਂ, ਪੁਲਸ ਨੇ ਰੁਕਵਾਈਆਂ ਰਸਮਾਂ

ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਵਿਚ ਐਤਵਾਰ ਨੂੰ ਪ੍ਰਸ਼ਾਸਨ ਦੇ ਸਮੇਂ ਰਹਿੰਦੇ ਹਰਕਤ ਵਿਚ ਆਉਣ ਨਾਲ 14 ਸਾਲ ਦੀ ਕੁੜੀ ਲਾੜੀ ਬਣਨ ਤੋਂ ਬਚ ਗਈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲੇ ਦੇ ਕੇਲੋਦ ਕਾਂਕੜ ਪਿੰਡ ਵਿਚ ਨਾਬਾਲਗ ਕੁੜੀ ਦਾ ਵਿਆਹ 21 ਸਾਲ ਦੇ ਨੌਜਵਾਨ ਨਾਲ 20 ਨਵੰਬਰ ਨੂੰ ਹੋਣ ਵਾਲਾ ਸੀ। ਇਸ ਦੀ ਸੂਚਨਾ ਮਿਲਣ 'ਤੇ ਪ੍ਰਸ਼ਾਸਨ ਅਤੇ ਪੁਲਸ ਦੀ ਟੀਮ ਕੁੜੀ ਦੇ ਘਰ ਪੁੱਜੀ ਅਤੇ ਵਿਆਹ ਦੀਆਂ ਰਸਮਾਂ ਰੁਕਵਾਈਆਂ। 

ਅਧਿਕਾਰੀ ਮੁਤਾਬਕ ਪ੍ਰਸ਼ਾਸਨ ਨੇ ਕਾਨੂੰਨੀ ਕਦਮ ਚੁੱਕਣ ਦੀ ਚਿਤਾਵਨੀ ਦੇਣ 'ਤੇ ਕੁੜੀ ਦਾ ਪਰਿਵਾਰ ਉਸ ਦਾ ਬਾਲ ਵਿਆਹ ਰੋਕਣ ਨੂੰ ਰਾਜ਼ੀ ਹੋ ਗਿਆ। ਉਨ੍ਹਾਂ ਤੋਂ ਬਕਾਇਦਾ ਹਲਫਨਾਮਾ ਲਿਆ ਗਿਆ ਕਿ ਉਹ ਆਪਣੀ ਔਲਾਦ ਨੂੰ ਉਦੋਂ ਤਕ ਵਿਆਹ ਦੇ ਬੰਧਨ 'ਚ ਨਹੀਂ ਬੰਨ੍ਹਣਗੇ, ਜਦੋਂ ਤਕ ਉਹ ਪੂਰੀ 18 ਸਾਲ ਦੀ ਨਹੀਂ ਹੋ ਜਾਂਦੀ। ਦੱਸਣਯੋਗ ਹੈ ਕਿ ਦੇਸ਼ 'ਚ 21 ਸਾਲ ਤੋਂ ਘੱਟ ਉਮਰ ਦੇ ਮੁੰਡੇ ਅਤੇ 18 ਸਾਲ ਤੋਂ ਘੱਟ ਉਮਰ ਦੀ ਕੁੜੀ ਦਾ ਵਿਆਹ ਬਾਲ ਵਿਆਹ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਕਿ ਕਾਨੂੰਨਨ ਅਪਰਾਧ ਹੈ। ਬਾਲ ਵਿਆਹ ਰੋਕੂ ਐਕਟ 2006 ਤਹਿਤ ਦੋਸ਼ੀ ਨੂੰ 2 ਸਾਲ ਤਕ ਦੀ ਸਜ਼ਾ ਅਤੇ ਇਕ ਲੱਖ ਰੁਪਏ ਤਕ ਦੇ ਜੁਰਮਾਨੇ ਦੋਹਾਂ ਸਜ਼ਾਵਾਂ ਦੀ ਵਿਵਸਥਾ ਹੈ।


author

Tanu

Content Editor

Related News