60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਜਵਾਕ, ਪਿੰਡ 'ਚ ਮਚੀ ਹਾਹਾਕਾਰ, ਰੈਸਕਿਊ ਆਪ੍ਰੇਸ਼ਨ ਜਾਰੀ
Thursday, Apr 09, 2026 - 11:28 PM (IST)
ਉੱਜੈਨ : ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਦੇ ਬੜਨਗਰ ਖੇਤਰ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਝਾਲਰੀਆ ਵਿੱਚ 3 ਸਾਲ ਦਾ ਇੱਕ ਮਾਸੂਮ ਬੱਚਾ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਬੱਚਾ ਬੋਰਵੈੱਲ ਵਿੱਚ ਕਰੀਬ 60 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਹੈ। ਮੌਕੇ 'ਤੇ SDM, SDOP ਅਤੇ ਥਾਣਾ ਇੰਚਾਰਜ ਸਮੇਤ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ। ਬਚਾਅ ਟੀਮਾਂ ਵੱਲੋਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਜੱਦੋ-ਜਹਿਦ ਕੀਤੀ ਜਾ ਰਹੀ ਹੈ।
ਰੈਸਕਿਊ ਆਪ੍ਰੇਸ਼ਨ ਨੂੰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ, ਪ੍ਰਸ਼ਾਸਨ ਵੱਲੋਂ ਬੋਰਵੈੱਲ ਦੇ ਸਮਾਨਾਂਤਰ ਇੱਕ ਹੋਰ ਟੋਆ ਪੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਬੱਚੇ ਤੱਕ ਸੁਰੱਖਿਅਤ ਪਹੁੰਚ ਕੇ ਉਸ ਨੂੰ ਬਾਹਰ ਕੱਢਿਆ ਜਾ ਸਕੇ।
ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਅਤੇ ਅਫ਼ਰਾ-ਤਫ਼ਰੀ ਦਾ ਮਾਹੌਲ ਹੈ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਹਨ ਅਤੇ ਬੱਚੇ ਦੀ ਸਲਾਮਤੀ ਲਈ ਦੁਆਵਾਂ ਅਤੇ ਅਰਦਾਸਾਂ ਕਰ ਰਹੇ ਹਨ। ਫਿਲਹਾਲ ਬੱਚੇ ਦੀ ਸਥਿਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਵਿੱਚ ਜੁਟਿਆ ਹੋਇਆ ਹੈ।
